1 ਕਿਲੋ 165 ਗ੍ਰਾਮ ਸੋਨੇ ਨਾਲ ਦਿੱਲੀ ਦੀ ਔਰਤ ਨੂੰ ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ

Jul 03 2018 03:57 PM
1 ਕਿਲੋ 165 ਗ੍ਰਾਮ ਸੋਨੇ ਨਾਲ ਦਿੱਲੀ ਦੀ ਔਰਤ ਨੂੰ ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ


ਚੰਡੀਗੜ•
ਇੰਟਰਨੈਸ਼ਨਲ ਏਅਰਪੋਰਟ 'ਤੇ 1 ਕਿਲੋ 165 ਗ੍ਰਾਮ ਸੋਨੇ ਨਾਲ ਦਿੱਲੀ ਦੀ ਔਰਤ ਨੂੰ ਕਸਟਮ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ । ਉਹ ਦੁਬਈ ਦੀ ਫਲਾਈਟ ਰਾਹੀਂ ਸੋਨਾ ਲੈ ਕੇ ਇੰਟਰਨੈਸ਼ਨਲ ਏਅਰਪੋਰਟ 'ਤੇ ਆਈ ਸੀ । ਸਵੇਰੇ 10:25 ਵਜੇ ਇੰਡੀਗੋ ਦੀ ਦੁਬਈ ਦੀ ਫਲਾਈਟ ਲੈਂਡ ਹੋਈ । ਕਸਟਮ ਵਿਭਾਗ ਨੂੰ ਇਹ ਸੂਚਨਾ ਮਿਲੀ ਕਿ ਦਿੱਲੀ ਦੀ ਰਹਿਣ ਵਾਲੀ ਜ਼ੀਨਤ ਖਾਤੂਨ 1 ਕਿਲੋ 165 ਗ੍ਰਾਮ ਸੋਨਾ ਲੈ ਕੇ ਆਈ ਹੈ । ਇਸ ਔਰਤ ਕੋਲ ਤਿੰਨ ਬੈਗ ਸਨ । ਜਿਵੇਂ ਹੀ ਔਰਤ ਚੈਕਿੰਗ ਲਈ ਐਕਸਰੇ ਮਸ਼ੀਨ 'ਤੇ ਆਈ, ਕਸਟਮ ਵਿਭਾਗ ਨੇ ਉਸ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਸੋਨੇ ਦੀ ਚੀਜ਼ ਤਾਂ ਨਹੀਂ ਹੈ? ਉਸਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ । ਔਰਤ ਦੇ ਤਿੰਨੇ ਬੈਗ ਜਿਵੇਂ ਹੀ ਐਕਸਰੇ ਮਸ਼ੀਨ 'ਤੇ ਚੈੱਕ ਕੀਤੇ ਗਏ ਤਾਂ ਦੋ ਬੈਗਾਂ ਵਿਚੋਂ ਕੁੱਝ ਨਹੀਂ ਨਿਕਲਿਆ ਪਰ ਤੀਜੇ ਬੈਗ ਵਿਚ ਸੋਨੇ ਦੀ ਚੀਜ਼ ਦੇ ਹੋਣ ਦੀ ਪੁਸ਼ਟੀ ਹੋਈ । ਬੈਗ ਖਾਲੀ ਕਰਕੇ ਚੈੱਕ ਕੀਤਾ ਗਿਆ, ਜਿਸ ਵਿਚੋਂ ਗੋਲਡ ਸਟਰਿਪ ਦੀਆਂ ਚਾਰ ਛੜਾਂ ਬਰਾਮਦ ਕੀਤੀਆਂ ਗਈਆਂ । ਇਸ ਸੋਨੇ ਦੀ ਕੀਮਤ 35.50 ਲੱਖ ਰੁਪਏ ਮਿੱਥੀ ਗਈ ਹੈ । ਕਸਟਮ ਵਿਭਾਗ ਨੇ ਔਰਤ ਤੋਂ ਇਸ ਸੋਨੇ ਦੇ ਕਾਗਜ਼ਾਤ ਮੰਗੇ ਪਰ ਔਰਤ ਦਿਖਾ ਨਾ ਸਕੀ । ਇਸ 'ਤੇ ਔਰਤ ਦਾ ਸੋਨਾ ਜ਼ਬਤ ਕਰਕੇ ਕਸਟਮ ਐਕਟ ਤਹਿਤ ਔਰਤ 'ਤੇ ਕੇਸ ਦਰਜ ਕਰ ਲਿਆ ਗਿਆ । ਔਰਤ ਨੂੰ ਕਸਟਮ ਵਿਭਾਗ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ ।

© 2016 News Track Live - ALL RIGHTS RESERVED