7 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਵਾਰਡ-38 ਦੇ ਵਾਸੀ

Sep 29 2018 03:51 PM
7 ਦਿਨਾਂ ਤੋਂ ਪਾਣੀ ਨੂੰ ਤਰਸ ਰਹੇ ਵਾਰਡ-38 ਦੇ ਵਾਸੀ


ਅੰਮ੍ਰਿਤਸਰ
ਵਾਰਡ-38 ਦੇ ਇਲਾਕੇ ਕੋਟ ਮਿੱਤ ਸਿੰਘ ਵਿਖੇ ਪਿਛਲੇ 7 ਦਿਨਾਂ ਤੋਂ ਵਾਟਰ ਸਪਲਾਈ ਨਾ ਹੋਣ ਕਰ ਕੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। 2 ਘੁੱਟ ਪਾਣੀ ਨਾਲ ਸੁੱਕਾ ਗਲ਼ਾ ਤਰ ਕਰਨ ਲਈ ਵੀ ਲੋਕਾਂ ਨੂੰ ਮੁੱਲ ਦਾ ਪਾਣੀ ਪੀਣਾ ਪੈ ਰਿਹਾ ਹੈ ਅਤੇ ਘਰੇਲੂ ਕੰਮਕਾਜ ਲਈ ਵੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਨਿਗਮ ਪ੍ਰਸ਼ਾਸਨ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨੇ ਖਾਲੀ ਭਾਂਡੇ ਖੜਕਾਉਂਦਿਆਂ ਵਿਭਾਗ ਦੀ ਘਟੀਆਂ ਕਾਰਗੁਜ਼ਾਰੀ  'ਤੇ ਰੋਸ ਜ਼ਾਹਿਰ ਕੀਤਾ।
ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਵਾਰਡ ਦੇ ਇਲਾਕਾ ਨਿਵਾਸੀ ਬਸੰਤ ਕੌਰ, ਭਜਨ ਕੌਰ, ਰਾਜ, ਜਨਮ ਰਾਣੀ, ਪਿੰਕੀ, ਮਨਜੀਤ ਕੌਰ, ਦਵਿੰਦਰ ਕੌਰ, ਭੁਪਿੰਦਰ ਕੌਰ, ਅਮਰਜੀਤ, ਕੁਲਦੀਪ ਸਿੰਘ, ਭੋਲੀ ਤੇ ਮੋਹਨ ਸਿੰਘ ਨੇ ਦੱਸਿਆ ਕਿ ਆਏ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਰ ਕੇ ਪੇਸ਼ ਆ ਰਹੀਆਂ ਮੁਸ਼ਕਿਲਾਂ ਨਾਲ ਨੱਕ 'ਚ ਦਮ ਆਇਆ ਹੋਇਆ ਹੈ। ਗੰਦੇ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਰਹੀ, ਜਿਸ ਕਰ ਕੇ ਮਲ-ਮੂਤਰ ਰਸਤਿਆਂ ਵਿਚ ਤੈਰ ਰਿਹਾ ਹੈ ਤੇ ਇਲਾਕਾ ਬਦਬੂ ਨਾਲ ਭਰਿਆ ਹੋਇਆ ਹੈ। ਵੋਟਾਂ ਤੋਂ ਬਾਅਦ ਜਿੱਤੇ ਉਮੀਦਵਾਰ ਲੋਕਾਂ ਦੀ ਸਾਰ ਨਹੀਂ ਲੈਂਦੇ। ਉਨ•ਾਂ ਹਲਕਾ ਵਿਧਾਇਕ, ਕੌਂਸਲਰ ਤੇ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਾਣੀ ਦੀ ਸਪਲਾਈ ਤੇ ਨਿਕਾਸੀ  ਦਾ ਪ੍ਰਬੰਧ ਕਰਵਾਇਆ ਜਾਵੇ।

© 2016 News Track Live - ALL RIGHTS RESERVED