ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਦਨੌਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ।

Oct 09 2018 03:33 PM
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਦਨੌਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ।



ਪਠਾਨਕੋਟ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਨਿਕਲੇ ਕਣ ਕਈ ਤਰਾਂ ਦੀਆ ਭਿਆਨਕ ਬਿਮਾਰੀਆਂ ਜਿਵੇਂ ਦਿਲ,ਸਾਹ,ਅੱਖਾਂ ਅਤੇ ਚਮੜੀ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਦਨੌਰ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਕੇਂਦਰੀ ਪ੍ਰਯੋਜਤ ਸਕੀਮ ਤਹਿਤ ਲਗਾਏ ਕਿਸਾਨ ਜਾਗਰੁਕਤਾ ਕੈਂਪ ਵਿੱਚ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਕਹੇ । ਇਸ ਮੌਕੇ ਡਾ.ਹਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ ਡਿਪਟੀ ਪੀ ਡੀ ਆਤਮਾ, ਸ਼੍ਰੀ ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਸੁਖਜਿੰਦਰ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ, ਸੁਭਾਸ਼ ਕੁਮਾਰ, ਸਰਪੰਚ ਅਸ਼ੋਕ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
         ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਝੋਨੇ ਦੀ ਵਿਕਰੀ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਨ ਲਈ ਝੋਨੇ ਦੀ ਕਟਾਈ, ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰੋ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੇ ਹਨ । ਉਨਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਲਈ ਕਣਕ ਦੀ ਬਿਜਾਈ ਹੈਪੀ ਸੀਡਰ ਤਕਨੀਕ ਨਾਲ ਕੀਤੀ ਜਾ ਸਕਦੀ ਹੈ,ਉਨਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨਨਾਸ਼ਕਾਂ ਤੇ ਹੋਣ ਵਾਲਾ ਖਰਚ ਘਟਾ ਸਕਦੇ ਹਾਂ ਅਤੇ ਮਿੱਟੀ ਦੇ ਭੌਤਿਕੀ,ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਹੁੰਦਾ ਹੈ। ਉਨਾਂ ਕਿਹਾ ਕਿ ਜਿਸ ਵੀ ਕਿਸੇ ਕਿਸਾਨ ਹੈਪੀਸੀਡਰ,ਚੌਪਰ ਅਤੇ ਸੁਪਰ ਐਸ ਐਮ ਐਸ ਚਾਹੀਦਾ ਹੋਵੇ ਉਹ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ। ਉਨਾਂ ਦੱਸਿਆ ਕਿ ਇਨਾਂ ਤਿੰਨਾਂ ਖੇਤੀ ਮਸ਼ੀਨਰੀ ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।ਉਨਾਂ ਕਿਹਾ ਕਿ ਭਵਿੱਖੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰਨਾ ਚਾਹੀਦਾ। ਉਨਾਂ ਕਿਹਾ ਕਿ ਮੰਡੀ ਵਿੱਚ ਝੋਨੇ ਦੀ ਵਿਕਰੀ ਸੰਬੰਧੀ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚਨ ਲਈ ਝੋਨੇ ਦੀ ਕਟਾਈ,ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰੋ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੇ ਹਨ । ਉਨਾਂ ਕਿਹਾ ਕਿ ਕੱਚੀ ਅਤੇ ਪੱਕੀ ਫਸਲ ਦੀ ਕਟਾਈ ਇੱਕੋ ਸਮੇਂ ਕਰਨ ਦੀ ਬਿਜਾਏ ਵੱਖ ਵੱਖ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਉਪਜ ਨੂੰ ਪੂਰੀ ਤਰਾਂ ਸੁਕਾ ਕੇ ਮੰਡੀ ਵਿੱਚ ਲਿਜਾਇਆ ਜਾਣਾ ਚਾਹੀਦਾ ਤਾਂ ਜੋ ਮੰਡੀ ਵਿੱਚ ਕਿਸੇ ਕਿਸਮ ਦੀ ਖੱਜਲ ਖਰਾਬੀ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਕਦੇ ਵੀ ਛਾਂ ਹੇਠੋਂ ਝੋਨਾ,ਬਿਮਾਰੀ ਨਾਲ ਪ੍ਰਭਾਵਤ  ਝੋਨੇ ਦੀ ਕਟਾਈ, ਪੱਕੇ ਹੋਏ ਝੋਨੇ ਦੀ ਕਟਾਈ ਦੇ ਨਾਲ ਨਾਂ ਕਰੋ ਕਿਉਕਿ ਇਹ ਵੀ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੀ ਹੈ,ਜਿਸ ਨਾਲ ਮੰਡੀ ਵਿੱਚ ਆੜਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨਾਂ ਕਿਹਾ ਕਿ ਝੋਨੇ ਕਣਕ ਦੀਆ ਬਦਲਵੀਆਂ ਫਸਲਾਂ ਜਿਵੇਂ ਦਾਲਾ,ਤੇਲ ਬੀਜ ਅਤੇ ਸਬਜੀਆਂ ਦਾ ਖੁਦ ਮੰਡੀਕਰਨ ਨਾਲ ਵਧੇਰੇ ਫਾਇਦਾ ਹੋ ਸਕਦਾ ਹੈ।ਉਨਾਂ ਕਿਹਾ ਕਿ ਖੇਤੀ ਜਿੰਨਸਾਂ ਦੇ ਸਿਧੇ ਮੰਡੀਕਰਨ ਲਈ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਕਿਸਾਨ ਬਾਜ਼ਾਰ ਨਾਲ ਜੁੜਨਾ ਚਾਹੀਦਾ।  
           ਡਾ. ਹਰਪ੍ਰੀਤ ਸਿੰਘ ਨੇ ਕਿਹਾ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ। ਉਨਾਂ ਕਿਹਾ ਕਿ ਕਿਸਾਨ ਨੂੰ ਜਿਣਸ ਦੀ ਬੋਲੀ ਮੌਕੇ ਹਮੇਸ਼ਾਂ ਢੇਰੀ ਦੇ ਕੋਲ ਰਹਿਣਾ ਚਾਹੀਦਾ ਤਾਂ ਜੋ ਢੇਰੀ ਦੇ ਲੱਗੇ ਭਾਅ ਦਾ ਪਤਾ ਲੱਗ ਸਕੇ। ਉਨਾਂ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਉ.ਜੇਕਰ ਆੜਤੀ “ਜੇ”ੇ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ। ਅਖੀਰ ਵਿਚ ਖੇਤੀ ਉਪ ਨਿਰੀਖਕ ਅੰਸ਼ੁਮਨ ਸ਼ਰਮਾ ਨੇ ਸਮੂਹ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।
 

© 2016 News Track Live - ALL RIGHTS RESERVED