ਮਿਨਰਲ ਵਾਟਰ ਬਣਾਉਣ ਵਾਲੀਆਂ 3 ਫੈਕਟਰੀਆਂ ’ਤੇੇ ਛਾਪਾਮਾਰੀ ਕਰ ਕੇ ਉਨ੍ਹਾਂ ਨੂੰ ਸੀਲ ਕੀਤਾ

Oct 09 2018 03:43 PM
ਮਿਨਰਲ ਵਾਟਰ ਬਣਾਉਣ ਵਾਲੀਆਂ 3 ਫੈਕਟਰੀਆਂ ’ਤੇੇ ਛਾਪਾਮਾਰੀ ਕਰ ਕੇ ਉਨ੍ਹਾਂ ਨੂੰ ਸੀਲ ਕੀਤਾ

ਅੰਮ੍ਰਿਤਸਰ

 ਮਿਨਰਲ ਵਾਟਰ ਪੀਣ ਵਾਲੇ ਲੋਕ ਸੁਚੇਤ ਹੋ ਜਾਣ। ਜ਼ਿਲਾ ਅੰਮ੍ਰਿਤਸਰ ਵਿਚ ਵੱਡੀ ਤਾਦਾਦ ਵਿਚ ਆਰ. ਓ. ਦਾ ਪਾਣੀ ਬੋਤਲਾਂ ਵਿਚ ਭਰ ਕੇ ਮਿਨਰਲ ਵਾਟਰ ਦੇ ਰੂਪ ਵਿਚ ਵੇਚ ਕੇ ਲੋਕਾਂ ਦੀ ਸਿਹਤ  ਨਾਲ ਖਿਲਵਾਡ਼ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੱਜ ਅਜਿਹੀਆਂ ਹੀ ਮਿਨਰਲ ਵਾਟਰ ਬਣਾਉਣ ਵਾਲੀਆਂ 3 ਫੈਕਟਰੀਆਂ ’ਤੇੇ ਛਾਪਾਮਾਰੀ ਕਰ ਕੇ ਉਨ੍ਹਾਂ ਨੂੰ ਸੀਲ ਕੀਤਾ ਹੈ ਜੋ ਬਿਨਾਂ ਲਾਇਸੈਂਸ ਦੇ ਨਿਯਮਾਂ  ਦੇ ਉਲਟ ਚੱਲ ਰਹੀਆਂ ਸਨ। ਵਿਭਾਗ ਵੱਲੋਂ 30 ਹਜ਼ਾਰ ਤੋਂ ਜ਼ਿਆਦਾ ਪਾਣੀ ਨਾਲ ਭਰੀਆਂ ਬੋਤਲਾਂ ਅਤੇ ਗਲਾਸ ਕਬਜ਼ੇ ਵਿਚ ਲੈ ਕੇ ਸੀਲ ਕਰ ਦਿੱਤੇ ਗਏ ਹਨ। 
ਜ਼ਿਲਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਅੰਨਗਡ਼੍ਹ ਰੋਡ ’ਤੇ ਸਥਿਤ ਮਿਨਰਲ ਵਾਟਰ ਤਿਆਰ ਕਰਨ ਵਾਲੀਆਂ ਕੁੱਝ ਫੈਕਟਰੀਆਂ ਨਿਯਮਾਂ ਦੇ ਉਲਟ ਚੱਲ ਰਹੀਆਂ ਹਨ। ਟੀਮ ਵੱਲੋਂ ਅੱਜ ਜਦੋਂ ਰੋਜ਼ ਐਕਵਾ, ਐਕਵਾ ਡਾਇਮੰਡ ਅਤੇ ਰਾਜ ਐਕਵਾ ਫੈਕਟਰੀ ’ਤੇ ਛਾਪਾਮਾਰੀ ਕੀਤੀ ਤਾਂ ਪਾਇਆ ਗਿਆ ਕਿ ਉਕਤ ਫੈਕਟਰੀਆਂ ਬਿਨਾਂ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਲਾਇਸੈਂਸ ਅਤੇ ਰਜਿਸਟਰੇਸ਼ਨ ਦੇ ਬਿਨਾਂ ਮਾਰ ਕੇ ਤੋਂ ਚੱਲ ਰਹੀਆਂ ਸਨ। ਫੈਕਟਰੀਆਂ ਦਾ ਪਾਣੀ ਚੈੱਕ ਕਰਨ ਲਈ ਅੰਦਰ ਲੈਬਾਰਟਰੀਆਂ ਵੀ ਨਹੀਂ ਬਣਾਈਆਂ ਗਈਆਂ ਸਨ। ਇਕ ਐਕਵਾ ਗਾਰਡ ਮਸ਼ੀਨ ਦੇ ਜ਼ਰੀਏ ਹੀ ਪਾਣੀ ਭਰਿਆ ਜਾ ਰਿਹਾ ਸੀ। ਇਹ ਫੈਕਟਰੀਆਂ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਦੇ ਖੇਤਰਾਂ ਵਿਚ ਪਾਣੀ ਸਪਲਾਈ ਕਰਦਾ ਸੀ।  ਵਿਭਾਗ ਵੱਲੋਂ ਫੈਕਟਰੀਆਂ ਤੋਂ ਪਾਣੀ ਦੇ ਸੈਂਪਲ ਲੈ ਕੇ ਫੈਕਟਰੀਆਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ 30 ਹਜ਼ਾਰ ਤੋਂ ਜ਼ਿਆਦਾ ਬੋਤਲਾਂ ਅਤੇ ਗਲਾਸ ਕਬਜ਼ੇ ਵਿਚ ਲੈ ਲਏ ਹਨ। ਉਕਤ ਫੈਕਟਰੀ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਛੇਤੀ ਤੋਂ ਛੇਤੀ ਲਾਇਸੈਂਸ ਜਾਂ ਰਜਿਸਟਰੇਸ਼ਨ ਕਰਵਾਉਣ। ਡਾ. ਭਾਗੋਵਾਲੀਆ ਨੇ ਦੱਸਿਆ ਕਿ ਇਸ ਦੇ ਇਲਾਵਾ ਅੰਨਗਡ਼੍ਹ ਰੋਡ ’ਤੇ ਸਥਿਤ ਇਮਲੀ ਬਣਾਉਣ ਵਾਲੀ ਫੈਕਟਰੀ ਵਿਚ ਵੀ ਛਾਪਾਮਾਰੀ ਕੀਤੀ ਗਈ ਹੈ ਜਿਥੇ ਗੰਦਗੀ ਦੀ ਭਰਮਾਰ ਸੀ। ਬਿਨਾਂ ਲਾਇਸੈਂਸ ਦੇ ਇਹ ਫੈਕਟਰੀ ਚੱਲ ਰਹੀ ਸੀ, ਫੈਕਟਰੀ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਮੈਡੀਕਲ ਵੀ ਨਹੀਂ ਹੋਏ ਸਨ। ਉਕਤ ਫੈਕਟਰੀ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। 
ਡਾ. ਭਾਗੋਵਾਲੀਆ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਫੂਡ ਕਮਿਸ਼ਨਰ ਕਾਹਨ ਸਿੰਘ ਪਨੂੰ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਮਿਲਾਵਟਖੋਰੀ ਕਦੇ ਵੀ ਬਰਦਾਸ਼ਤ ਨਾ ਕੀਤੀ ਜਾਵੇ, ਜੋ ਲੋਕ ਮਿਲਾਵਟਖੋਰੀ ਕਰਦੇ ਹਨ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੇ ਕੋਲ ਹੋਰ ਵੀ ਕਈ ਅਜਿਹੀਆਂ ਸੂਚਨਾਵਾਂ ਆਈਆਂ ਹਨ ਜਿਨ੍ਹਾਂ ਵਿਚ ਨਿਯਮਾਂ ਤੋਂ ਉਲਟ ਸ਼ਹਿਰ ਵਿਚ ਕੁੱਝ ਫੈਕਟਰੀਆਂ ਚੱਲ ਰਹੀਆਂ ਹਨ, ਉਨ੍ਹਾਂ ’ਤੇ ਰੇਡ ਕਰ ਕੇ ਛੇਤੀ ਬਣਦੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED