ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰੀਆਂ ਤੇ ਲੀਡਰਾਂ ਦਾ ਇਕ ਵਫਦ ਪਾਕਿਸਤਾਨ ਭੇਜਣ ਦਾ ਐਲਾਨ

Oct 10 2018 03:02 PM
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰੀਆਂ ਤੇ ਲੀਡਰਾਂ ਦਾ ਇਕ ਵਫਦ ਪਾਕਿਸਤਾਨ ਭੇਜਣ ਦਾ ਐਲਾਨ

ਅੰਮ੍ਰਿਤਸਰ

ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਅਧਿਕਾਰੀਆਂ ਦੀ ਮੀਟਿੰਗ ਨਾ ਹੋਣ ਕਾਰਨ ਦੋਵਾਂ ਮੁਲਕਾਂ ਵਿਚ ਤਣਾਵਪੂਰਨ ਰਿਸ਼ਤੇ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰੀਆਂ ਤੇ ਲੀਡਰਾਂ ਦਾ ਇਕ ਵਫਦ ਪਾਕਿਸਤਾਨ ਭੇਜਣ ਦਾ ਐਲਾਨ ਕੀਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਪਾਕਿਸਤਾਨ ਸਰਕਾਰ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੁਰਪੁਰਬ 'ਤੇ ਪਾਕਿਸਤਾਨ ਦੇ ਗੁਰਧਾਮਾਂ ਵਿਖੇ ਗੁਰਮਤਿ ਸਮਾਗਮ, ਸੈਮੀਨਾਰ ਅੰਤਰਰਾਸ਼ਟਰੀ ਪੱਧਰ 'ਤੇ ਕਰਨ ਲਈ ਗੱਲਬਾਤ ਕੀਤੀ ਜਾਵੇਗੀ। ਲੌਂਗੋਵਾਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕੇਵਲ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ। ਇਸ ਲਈ ਇਹ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ 'ਤੇ ਦੇਸ਼-ਵਿਦੇਸ਼ ਦੀਆਂ ਸਾਰੀਆਂ ਸਿੱਖ, ਧਾਰਮਕ ਸੰਸਥਾਵਾਂ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਰੇ ਪ੍ਰੋਗਰਾਮਾਂ ਨੂੰ ਕਰਨ ਲਈ ਆਗਿਆ ਲੈ ਕੇ ਇਸ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਵੇਗਾ।

ਸ਼੍ਰੋਮਣੀ ਕਮੇਟੀ ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ਸਰਕਾਰ ਨੂੰ ਜਲਦ ਹੀ ਇਕ ਪੱਤਰ ਲਿਖੇਗੀ ਇਸ ਤੋਂ ਇਲਾਵਾ ਭਾਰਤੀ ਵਿਦੇਸ਼ ਵਿਭਾਗ ਦੇ ਸਹਿਯੋਗ ਨਾਲ ਪਾਕਿਸਤਾਨ ਤੋਂ ਕਰੀਬ  10 ਹਜ਼ਾਰ ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦੀ ਮੰਗ ਕੀਤੀ ਜਾਵੇਗੀ।  ਸਿੱਖ ਸ਼ਰਧਾਲੂਆਂ ਨੂੰ ਘੱਟ ਵੀਜ਼ਾ ਦੇਣ 'ਤੇ ਸਿੱਖਾਂ ਨੂੰ ਹਮੇਸ਼ਾ ਰੋਸ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਵੀਜ਼ੇ ਦੀ ਮੰਗ ਨੂੰ ਇਸ ਪਵਿੱਤਰ ਪ੍ਰਕਾਸ਼ ਪੁਰਬ 'ਤੇ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰਕਾਸ਼ ਪੁਰਬ ਤੋਂ ਪਹਿਲਾਂ ਭਾਰਤ ਪਾਕਿਸਤਾਨ ਦੇ ਲੀਡਰ ਕਰਤਾਰਪੁਰ ਦੇ ਲਾਂਘੇ ਨੂੰ  ਖੋਲ੍ਹਣ ਦੀ ਕੋਸ਼ਿਸ਼ ਕਰਨ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਹੀ ਨਹੀਂ ਸਗੋਂ ਸਾਰੇ ਧਰਮਾਂ  ਲਈ ਹਮੇਸ਼ਾ ਮਾਰਗ ਦਰਸ਼ਕ ਰਹੇ ਸਨ। ਵਫਦ ਜਿਥੇ ਪਾਕਿਸਤਾਨ ਸਰਕਾਰ ਨਾਲ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਬਾਰੇ  ਅਪੀਲ ਕਰੇਗਾ ਉਥੇ ਭਾਰਤ ਦੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਵੀ ਚਾਹੀਦਾ ਹੈ ਕਿ ਉਹ ਇਕ ਪੰਜਾਬੀ ਹੋਣ ਦੇ ਨਾਤੇ ਸਿੱਖਾਂ ਦੀ ਇਸ ਮੰਗ ਅਤੇ ਭਾਵਨਾਵਾਂ ਨੂੰ ਮੁੱਖ ਰੱਖਦਿਆਂ  ਇਕ ਵਾਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਪਹਿਲਾਂ ਹੀ ਗੱਲਬਾਤ ਕਰਨ ਜਦ ਕਿ ਭਾਰੀ ਗਿਣਤੀ ਵਿਚ ਪਹੁੰਚ ਰਹੇ ਸਿੱਖ ਜਥਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਸਰਕਾਰ ਨੂੰ ਵੀ ਚੁੱਕਣੀ ਚਾਹੀਦੀ ਹੈ। ਦੋਵਾਂ ਮੁਲਕਾਂ ਨੂੰ ਚਾਹੀਦਾ ਹੈ ਕਿ ਬਾਰਡਰ 'ਤੇ ਤਣਾਪੂਰਨ ਮਾਹੌਲ ਨੂੰ ਖਤਮ ਕਰ ਕੇ ਗੁਰੂ ਨਾਨਕ ਦੇਵ ਜੀ ਦਾ ਸ਼ਾਂਤੀ ਸੰਦੇਸ਼ ਨੂੰ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਜੋ ਵੀ ਪ੍ਰੋਗਰਾਮ ਇਸ ਪ੍ਰਕਾਸ਼ ਪੁਰਬ 'ਤੇ  ਹੋਣੇ ਹਨ ਉਸ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁਟ ਹੋ ਕੇ 550 ਸਾਲਾ ਪ੍ਰਕਾਸ਼ ਪੁਰਬ ਸਾਰੀਆਂ ਸਿਆਸੀ ਅਤੇ ਧਾਰਮਕ ਪਾਰਟੀਆਂ ਮਨਾਉਣ।

© 2016 News Track Live - ALL RIGHTS RESERVED