ਪੰਜਾਬ ਰੋਡਵੇਜ਼ ਦੇ ਬੇੜੇ 'ਚ 100 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ

Oct 15 2018 04:09 PM
ਪੰਜਾਬ ਰੋਡਵੇਜ਼ ਦੇ ਬੇੜੇ 'ਚ 100 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ


ਹੁਸ਼ਿਆਰਪੁਰ
ਸਰਕਾਰ ਨੇ ਪੰਜਾਬ ਰੋਡਵੇਜ਼ ਦੇ ਬੇੜੇ 'ਚ 100 ਹੋਰ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।ਇਸ ਤੋਂ ਪਹਿਲਾਂ 300 ਸਾਧਾਰਨ ਤੇ 30 ਵੋਲਵੋ ਬੱਸਾਂ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਕੀਤੀਆਂ ਗਈਆਂ ਸਨ।ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਰੋਡਵੇਜ਼ ਦੀ ਆਮਦਨ ਵਧਾਉਣ ਲਈ ਕਈ ਠੋਸ ਕਦਮ ਚੁੱਕੇ ਗਏ ਹਨ।20-20 ਸਾਲ ਤੋਂ ਇਕ ਹੀ ਸਥਾਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਵੀ ਸਰਕਾਰ ਦੇ ਵਿਚਾਰ ਅਧੀਨ ਹੈ।
ਉੱਥੇ ਹੀ ਹੁਸ਼ਿਆਰਪੁਰ ਤੋਂ ਵ੍ਰਿੰਦਾਵਨ ਲਈ ਵੋਲਵੋ ਬੱਸ ਸਰਵਿਸ ਜਲਦ ਸ਼ੁਰੂ ਕੀਤੀ ਜਾ ਸਕਦੀ ਹੈ, ਜੋ ਕਿ ਲੋਕਾਂ ਲਈ ਵੱਡਾ ਤੋਹਫਾ ਹੋਵੇਗਾ। ਸ਼੍ਰੀਮਤੀ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਉਨ•ਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਹੁਸ਼ਿਆਰਪੁਰ ਤੋਂ ਹਰਿਦੁਆਰ ਅਤੇ ਵ੍ਰਿੰਦਾਵਨ ਲਈ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾਵੇ।ਇਸ ਸੇਵਾ ਨੂੰ ਜਲਦ ਸ਼ੁਰੂ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਟਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਪੰਜਾਬ 'ਚ ਇਸ ਸਮੇਂ ਰਿਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਦੇ 23 'ਚੋਂ 11 ਅਹੁਦੇ ਖਾਲੀ ਹਨ।ਉਨ•ਾਂ ਕਿਹਾ ਕਿ ਇਸ ਸਮੇਂ ਕੁਝ ਆਰ. ਟੀ. ਏ. 2-2, 3-3 ਜ਼ਿਲਿਆਂ ਦਾ ਕੰਮਕਾਜ ਦੇਖ ਰਹੇ ਹਨ।ਆਰ. ਟੀ. ਏਜ਼ ਦੇ ਖਾਲੀ ਅਹੁਦਿਆਂ ਨੂੰ ਜਲਦ ਭਰਨ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਲਿਖਿਆ ਜਾਵੇਗਾ।ਇਸ ਤੋਂ ਇਲਾਵਾ ਸਹਾਇਕ ਟਰਾਂਸਪੋਰਟ ਅਧਿਕਾਰੀਆਂ ਦੇ ਵੀ ਇੰਨੇ ਹੀ ਅਹੁਦੇ ਖਾਲੀ ਪਏ ਹਨ।ਸੂਬੇ ਦੇ ਆਰ. ਟੀ. ਏਜ਼ ਦਫ਼ਤਰਾਂ 'ਚ ਹੋਰ ਸਟਾਫ ਦੀ ਵੀ ਕਾਫੀ ਕਮੀ ਹੈ, ਜਿਸ ਨੂੰ ਦੂਰ ਕਰਨ ਲਈ ਵਿਭਾਗ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ।

© 2016 News Track Live - ALL RIGHTS RESERVED