ਲੋਕ ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ

Oct 25 2018 03:57 PM
ਲੋਕ ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ

ਚੰਡੀਗੜ੍

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਰਾਹੁਲ ਗਾਂਧੀ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਵਿਸ਼ਵਾਸ ਜ਼ਾਹਰ ਕੀਤਾ ਹੈ ਕਿ ਦੇਸ਼ ਹਿੱਤ ਨੂੰ ਸਰਬੋਤਮ ਮੰਨਣ ਵਾਲੀਆਂ 'ਸਮਾਨ ਵਿਚਾਰਧਾਰਾ' ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਸਾਲ 2019 ਦੀਆਂ ਲੋਕਸਭਾ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਵਿਰੁੱਧ ਸੰਯੁਕਤ ਗਠਜੋੜ ਦੇ ਨੇਤਾ ਦੇ ਤੌਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਸਮਰਥਨ ਕਰਨਗੀਆਂ। ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਰਾਹੁਲ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਸਾਲ 2019 ਵਿਚ ਸੱਤਾ ਵਿਚ ਵਾਪਸੀ ਕਰੇਗੀ ਕਿਉਂਕਿ ਭਾਜਪਾ ਤੋਂ ਲੋਕਾਂ ਦਾ ਪੂਰੀ ਤਰ੍ਹਾਂ ਮੋਹਭੰਗ ਹੋ ਚੁੱਕਾ ਹੈ ਅਤੇ ਉਹ ਸਕਾਰਾਤਮਕ ਤਬਦੀਲੀ ਚਾਹੁੰਦੇ ਹਨ। 

ਇਕ ਉੱਚ ਪੱਧਰੀ ਵਫਦ ਦੇ ਨਾਲ 5 ਦਿਨ ਦੀ ਯਾਤਰਾ 'ਤੇ ਇਜ਼ਰਾਈਲ ਆਏ ਅਮਰਿੰਦਰ ਨੇ ਕਿਹਾ ਕਿ ਭਾਰਤ ਨੂੰ ਇਕ ਨੌਜਵਾਨ ਅਤੇ ਜ਼ਿੰਦਾਦਿਲ ਨੇਤਾ ਦੀ ਲੋੜ ਹੈ ਤਾਂ ਜੋ ਦੇਸ਼ ਨੂੰ ਮੌਜੂਦਾ ਸਮੱਸਿਆਵਾਂ ਤੋਂ ਮੁਕਤੀ ਦਿਵਾਈ ਜਾ ਸਕੇ ਅਤੇ ਗਲੋਬਲ ਨਕਸ਼ੇ ਉੱਤੇ ਇਸ ਨੂੰ ਠੋਸ ਰੂਪ ਵਿਚ ਦੁਬਾਰਾ ਸਥਾਪਿਤ ਕੀਤਾ ਜਾ ਸਕੇ। ਅਮਰਿੰਦਰ ਸਿੰਘ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਦੱਸਿਆ,''ਰਾਹੁਲ ਵਿਚ ਪ੍ਰਧਾਨ ਮੰਤਰੀ ਬਣਨ ਦੀ ਸਾਰੀ ਕਾਬਲੀਅਤ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਦੇਸ਼ ਦੀ ਅਗਵਾਈ ਕਰਨ ਲਈ ਉਹ ਸਭ ਤੋਂ ਸਹੀ ਸ਼ਖਸ ਹੈ।'' ਉਨ੍ਹਾਂ ਨੇ ਕਿਹਾ ਕਿ ਲੋਕ ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੇ ਹਨ। ਉਨ੍ਹਾਂ ਨੇ ਕਿਹਾ,''ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ, ਦੇਸ਼ ਦੇ ਆਰਥਿਕ ਹਾਲਾਤ, ਡਾਲਰ ਦੇ ਮੁਕਾਬਲੇ ਰੁਪਏ ਦੀ ਮਾੜੀ ਹਾਲਤ, ਭਾਜਪਾ ਵੱਲੋਂ ਕਰਵਾਇਆ ਜਾ ਰਿਹਾ ਧਰੁਵੀਕਰਨ, ਵੱਡੇ ਪੱਧਰ 'ਤੇ ਕਾਇਮ ਬੇਰੁਜ਼ਗਾਰੀ ਤੇ ਕੇਂਦਰ ਦੇ ਕਈ ਮੰਤਰੀ ਜਿਸ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਲੋਕ ਇਹ ਸਭ ਕੁਝ ਦੇਖ ਰਹੇ ਹਨ ਅਤੇ ਇਸ ਤੋਂ ਤੰਗ ਆ ਚੁੱਕੇ ਹਨ।''

ਅਮਰਿੰਦਰ ਨੇ ਕਿਹਾ,''ਭਾਜਪਾ ਦਾ ਸਮਾਂ ਪੂਰਾ ਹੋ ਚੁੱਕਾ ਹੈ। ਰਾਹੁਲ ਦੀ ਅਗਵਾਈ ਵਿਚ ਕਾਂਗਰਸ ਦੇਸ਼ ਦੀ ਵਾਗਡੋਰ ਸੰਭਾਲਣ ਅਤੇ ਉਸ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ 'ਤੇ ਮੁੜ ਲਿਆਉਣ ਲਈ ਤਿਆਰ ਹੈ।'' ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਾਲੇ ਚੋਣਾਂ ਦੇ ਮੂਡ ਵਿਚ ਹੈ। ਉਨ੍ਹਾਂ ਨੇ ਕਿਹਾ,''ਅਸੀਂ ਸਾਰੇ ਆਪਣੀ ਤਾਕਤ ਲਗਾਉਣ ਲਈ ਤਿਆਹ ਹਾਂ ਤਾਂ ਜੋ ਯਕੀਨੀ ਕੀਤਾ ਜਾ ਸਕੇ ਕਿ ਪਾਰਟੀ ਨੂੰ ਹਰ ਸੀਟ 'ਤੇ ਜਿੱਤ ਹਾਸਲ ਹੋਵੇ।'' ਇਹ ਪੁੱਛੇ ਜਾਣ 'ਤੇ ਕੀ ਵਿਰੋਧੀ ਪਾਰਟੀਆਂ ਰਾਹੁਲ ਨੂੰ ਸੰਯੁਕਤ ਵਿਰੋਧੀ ਗਠਜੋੜ ਦੇ ਨੇਤਾ ਦੇ ਤੌਰ 'ਤੇ ਸਵੀਕਾਰ ਕਰਨਗੀਆਂ ਤਾਂ ਉਨ੍ਹਾਂ ਨੇ ਕਿਹਾ ਕਿ ਦੇਸ਼ਹਿੱਤ ਨੂੰ ਸਰਬੋਤਮ ਮੰਨਣ ਵਾਲੀਆਂ ਸਮਾਨ ਵਿਚਾਰਧਾਰਾ ਦੀਆਂ ਸਾਰੀਆਂ ਪਾਰਟੀਆਂ ਨੇਤਾ ਦੇ ਤੌਰ 'ਤੇ ਉਨ੍ਹਾਂ ਦਾ ਸਵਾਗਤ ਪੂਰੀ ਗਰਮਜੋਸ਼ੀ ਨਾਲ ਕਰਨਗੀਆਂ। ਉਨ੍ਹਾਂ ਨੇ ਕਿਹਾ,''ਹੋਰ ਵਿਰੋਧੀ ਪਾਰਟੀਆਂ ਜਾਣਦੀਆਂ ਹਨ ਕਿ ਕਾਂਗਰਸ ਇਕੋ ਇਕ ਪਾਰਟੀ ਹੈ ਜੋ ਭਾਜਪਾ ਵਿਰੁੱਧ ਪ੍ਰਭਾਵੀ ਪ੍ਰਚਾਰ ਮੁਹਿੰਮ ਚਲਾ ਸਕਦੀ ਹੈ।''

ਉਹ ਇਹ ਵੀ ਜਾਣਦੀਆਂ ਹਨ ਕਿ ਰਾਹੁਲ ਸੰਯੁਕਤ ਵਿਰੋਧੀ ਧਿਰ ਦੀ ਅਗਵਾਈ ਕਰਨ ਵਿਚ ਸਮਰੱਥ ਹਨ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਹਾਲੇ ਇਹ ਜ਼ਰੂਰੀ ਹੈ ਕਿ ਦੇਸ਼ ਨੂੰ ਭਾਜਪਾ ਅਤੇ ਉਸ ਦੇ ਸਾਥੀਆਂ ਦੇ ਮਾੜੇ ਸ਼ਾਸਨ ਤੋਂ ਬਚਾਉਣ ਲਈ ਸਹੀ ਗਠਜੋੜ ਹੋਵੇ।'' ਅਮਰਿੰਦਰ ਨੇ ਉਮੀਦ ਜ਼ਾਹਰ ਕੀਤੀ ਕਿ ਕਾਂਗਰਸ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜ਼ੋਰਮ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਕਾਂਗਰਸ ਆਪਣੇ ਦਮ 'ਤੇ ਚੋਣਾਂ ਜਿੱਤੇਗੀ ਅਤੇ ਉਸ ਨੂੰ ਕਿਸੇ ਹੋਰ ਸਾਥੀ ਦੀ ਮਦਦ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ,''ਅਸੀਂ ਕਾਂਗਰਸ ਹਾਈ ਕਮਾਨ ਨੂੰ ਵੀ ਇਹ ਦੱਸ ਦਿੱਤਾ ਹੈ। ਪਰ ਨਾਲ ਹੀ ਕਿਹਾ ਹੈ ਕਿ ਆਖਰੀ ਫੈਸਲਾ ਉਨ੍ਹਾਂ ਨੇ ਹੀ ਲੈਣਾ ਹੈ।''

© 2016 News Track Live - ALL RIGHTS RESERVED