ਨਸ਼ੇ ਨੂੰ ਠੱਲ ਪਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ

Oct 25 2018 04:10 PM
ਨਸ਼ੇ ਨੂੰ ਠੱਲ ਪਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ

ਸ਼ਿਆਰਪੁਰ

ਅਕਾਲੀ-ਭਾਜਪਾ ਸਰਕਾਰ ਨੂੰ ਪਿੱਛਲੇ 10 ਸਾਲਾਂ ’ਚ ਕੀਤੀਆਂ ਗਲਤੀਆਂ ਦਾ ਅੱਜ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਜਿਸ ਕਰਕੇ ਹੀ ਅੱਜ ਤੀਜੇ ਨੰਬਰ ’ਤੇ ਬੈਠੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਸਿਮਰਨ ਸਿੰਘ ਬਾਜਵਾ ਸੀਨੀਅਰ ਯੂਥ ਕਾਂਗਰਸ ਆਗੂ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਨੂੰ ਦੋ ਵਾਰੀ ਲਗਾਤਾਰ ਰਾਜ ਕਰਨ ਦਾ ਮੌਕਾ ਦਿੱਤਾ ਪਰ ਇਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਗਲਤੀਆਂ ਤੇ ਗਲਤੀਆਂ ਕਰਦੇ ਰਹੇ ਤੇ ਅੱਜ ਅਕਾਲੀ ਦਲ ਦੇ ਆਪਣੇ ਸੀਨੀਅਰ  ਲੀਡਰ ਹੀ ਪੰਥ ਵਿਰੋਧੀ ਲਏ ਫੈਸਲਿਆਂ ਕਰਕੇ ਹੀ ਸ਼੍ਰੋਮਣੀ ਅਕਾਲੀ ਨੂੰ ਛੱਡ ਰਹੇ ਹਨ ਤੇ ਅੱਜ ਪਾਰਟੀ  ਅੰਦਰ ਵੱਡੀ ਖਿੱਚੋਤਾਣ ਚੱਲ ਰਹੀ ਹੈ ਤੇ ਪੰਜਾਬ ਦੇ ਲੋਕ ਵੀ ਇਨ੍ਹਾਂ ਤੋਂ ਦੂਰੀ ਬਣਾ ਰਹੇ ਹਨ। 
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਮਦਰਦ ਕਹਾਉਣ ਵਾਲੀ ਇਸ ਪਾਰਟੀ ਦੇ ਰਾਜ ’ਚ ਕਿਸਾਨਾਂ ਦਾ ਖੁਦਕੁਸ਼ੀ ਦਾ ਦੌਰ ਚੱਲਦਾ ਰਿਹਾ ਪਰ ਇਨ੍ਹਾਂ ਨੇ ਕਿਸੇ ਦੀ ਬਾਤ ਨਹੀਂ ਪੁੱਛੀ ਤੇ ਪੰਜਾਬ ਅੰਦਰ ਨੌਜਵਾਨ ਨਸ਼ਿਆਂ ਨਾਲ ਮਰੇ। ਉਨ੍ਹਾਂ ਕਿਹਾ ਕਿ ਕੇਂਦਰੀ ਭਾਜਪਾ ਸਰਕਾਰ ਨੇ ਦੇਸ਼ ਦੇ ਲੋਕਾਂ ਨਾਲ ਸੱਤਾ ਹਾਸਲ ਕਰਨ ਲਈ ਵੱਡਾ ਧੋਖਾ ਕੀਤਾ ਤੇ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ  ਦਿਖਾਏ ਗਏ। ਗਰੀਬ ਲੋਕਾਂ ਨੂੰ ਇਹ ਝਾਂਸਾ ਦਿੱਤਾ  ਕਿ ਅੱਛੇ ਦਿਨ ਆਉਣ ਵਾਲੇ ਹਨ ਤੇ ਵਿਦੇਸ਼ਾਂ ਤੋਂ ਕਾਲਾ ਧੰਨ ਲਿਆ ਕੇ ਉਨ੍ਹਾਂ ਦੇ ਖਾਤਿਆਂ ’ਚ 15-15 ਲੱਖ ਰੁਪਏ ਪਾਇਆ ਜਾਵੇਗਾ ਪਰ ਹੋਇਆ ਇਸ ਦੇ ਸਭ ਕੁਝ ਉੱਲਟ, ਨੋਟਬੰਦੀ ਕਰਕੇ ਆਮ ਲੋਕਾਂ ਦਾ ਕਚੂੰਬਰ ਕੱਢ ਦਿੱਤਾ। ਜਿਸ ਦਾ ਅਮੀਰ ਲੋਕਾਂ ਨੂੰ ਕੋਈ ਫ਼ਰਕ ਨਹੀਂ ਪਿਆ ਤੇ ਗਰੀਬ ਹੀ ਇਸ ਚੱਕੀ ’ਚ ਪੀਸੇ ਗਏ ਤੇ ਉੱਪਰੋਂ ਜੀ.ਐੱਸ.ਟੀ. ਲਾ ਕੇ ਆਮ ਕਾਰੋਬਾਰ ਠੱਪ ਕਰਕੇ ਰੱਖ  ਦਿੱਤੇ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਸੱਤਾ ਹਾਸਲ ਕਰਨ ਲਈ ਹੀ ਝੁਠੇ ਲਾਰਿਆਂ ਨਾਲ ਸਾਰਦੇ ਹਨ ਤੇ ਅੱਜ ਤੇਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਅਾਂ ਹਨ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। 
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨਾਲ ਜੋ ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਛੋਟੇ ਕਿਸਾਨਾਂ ਦਾ ਕਰਜ਼ਾ ਪਹਿਲਾਂ ਮਾਫ਼ ਕੀਤਾ ਹੈ ਤੇ ਪੰਜਾਬ ਅੰਦਰ ਨਸ਼ੇ ਨੂੰ ਠੱਲ ਪਾਉਣ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਅੱਜ ਇਸ ਤੇ ਅੱਜ ਕਾਬੂ ਪੈ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਕਾਸ ਕਾਰਜ ਵੀ ਨਿਰਵਿਘਨ ਚੱਲ ਰਹੇ ਹਨ ਤੇ ਆਮ ਲੋਕ ਕਾਂਗਰਸ ਸਰਕਾਰ ’ਚ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਹਨ।

© 2016 News Track Live - ALL RIGHTS RESERVED