ਜ਼ਿਲਾ ਪਠਾਨਕੋਟ ਦੇ ਕਿਸਾਨ,ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਕਰਕੇ ਮਿੱਟੀ ਦੀ ਸਿਹਤ ਸੁਧਾਰਨਗੇ

Oct 29 2018 03:27 PM
ਜ਼ਿਲਾ ਪਠਾਨਕੋਟ ਦੇ ਕਿਸਾਨ,ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ ਕਰਕੇ ਮਿੱਟੀ ਦੀ ਸਿਹਤ ਸੁਧਾਰਨਗੇ



ਪਠਾਨਕੋਟ 
ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਸਾੜਣ ਕਾਰਨ ਜਿਥੇ ਧੂੰਏਂ ਕਾਰਨ ਆਮ ਲੋਕਾਂ ਦਾ ਸਾਹ ਘੁਟਦਾ ਰਿਹਾ,ਜਿਸ ਕਾਰਨ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਜ਼ਿਲਾ ਪਠਾਨਕੋਟ ਨੂੰ ਧੂੰਆਂ ਰਹਿਤ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲੇ ਅੰਦਰ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਖੇਤੀਬਾੜੀ ਮਹਿਕਮੇ ਵੱਲੋਂ ਝੋਨੇ ਦੀ ਪਰਾਲੀ ਦੀ ਸਾਭ ਸੰਭਾਲ ਲਈ ਵੱਖ ਵੱਖ ਤਰੀਕਿਆਂ ਅਤੇ ਮਸ਼ੀਨਾਂ ਦੀ ਸਿਫਰਾਸ਼ ਕੀਤੀ ਗਈ ਹੈ ਜਿਸ ਵਿੱਚ ਪਹਿਲਾ ਪਰਾਲੀ ਦੀ ਖੇਤ ਵਿੱਚ ਸਾਂਭ ਸੰਭਾਲ ਅਤੇ ਦੂਸਰਾ ਖੇਤ ਵਿੱਚੋਂ ਬਾਹਰ ਪਰਾਲੀ ਦੀ ਹੋਰ ਕੰਮਾਂ ਜਿਵੇਂ ਚਾਰੇ ਦੇ ਤੌਰ ਤੇ ਵਰਤੋਂ ਆਦਿ। ਪਿਛਲੇ ਦੋ ਸਾਲਾਂ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਕੀਤੀਆਂ ਅਪੀਲਾਂ ਨੂੰ ਮੰਨਦੇ ਹੋਏ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਸਾੜਣ ਦੀ ਬਿਜਾਏ,ਗੁੱਜਰ ਭਾਈਚਾਰੇ ਦੇ ਲੋਕਾਂ ਨੂੰ ਚਾਰੇ ਵੱਜੋਂ ਵੇਚ ਕੇ, ਖੇਤੀ ਮਸ਼ੀਨਰੀ ਜਿਵੇਂ ਚੌਪਰ,ਮਲਚਰ,ਪਲਟਾਵੀਂ ਹੱਲ,ਰੋਟਾਵੇਟਰ ਅਤੇ ਹੈਪੀਸੀਡਰ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਦਾ ਰੁਝਾਨ ਵਧਿਆ ਹੈ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ  ਇਹ ਗੱਲ ਸਾਹਮਣੇ ਆਈ ਕਿ ਕਿਸਾਨ ਝੋਨੇ ਦੀ ਪਰਾਲੀ ਸਾੜਣ ਕਾਰਨ ਮਿੱਟੀ ਦੀ ਸਿਹਤ,ਹਵਾ ਦੇ ਪ੍ਰਦੂਸ਼ਣ,ਮਨੁੱਖੀ ਸਿਹਤ,ਖੇਤੀ ਵਿੱਚ ਮਿੱਤਰ ਕੀੜਿਆਂ ਤੇ ਪੈਣ ਵਾਲੇ ਦੁਸ਼ਿਟ ਪ੍ਰਭਾਵਾਂ ਪ੍ਰਤੀ ਜਾਗਰੁਕ ਹੋਏ ਹਨ।ਕਿਸਾਨਾਂ ਵਿੱਚ ਪਰਾਲੀ ਨੂੰ ਸਾੜਣ ਦੀ ਬਿਜਾਏ ਖੇਤਾਂ ਵਿੱਚ ਵਾਹ ਕੇ,ਚਾਰੇ ਦੇ ਤੌਰ ਤੇ ਵੇਚਣ ਦਾ ਰੁਝਾਨ ਘਟ ਰਿਹਾ ਹੈ ਅਤੇ ਪਰਾਲੀ ਨੂੰ ਖੇਤ ਵਿੱਚ ਸਾਂਭ ਸੰਭਾਂਲ ਦਾ ਰੁਝਾਨ ਵਧ ਰਿਹਾ ਹੈ ਜਿਸ ਦੇ ਨਤੀਜੇ ਵੱਜੋਂ ਨੇੜ ਭਵਿੱਖ ਵਿੱਚ ਮਿੱਟੀ ਸਿਹਤ ਵਿੱਚ ਭੌਤਿਕੀ ਅਤੇ ਰਸਾਇਣਕ ਬਣਤਰ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਅਤੇ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਉਣ ਵਿੱਚ ਸਹਾਈ ਸਿੱਧ ਹੋਣਗੇ ਹੈ। ਇਸ ਤਰਾਂ ਹੋਣ ਨਾਲ ਪਰਾਲੀ ਚਾਰੇ ਦੇ ਤੌਰ ਤੇ ਵੇਚਣ ਵਾਲੇ ਕਿਸਾਨਾਂ ਨੂੰ ਵੀ ਵਧੇਰੇ ਵਿੱਤੀ ਫਾਇਦਾ ਹੋਵੇਗਾ। ਕਿਸਾਨ ਝੋਨੇ ਦੀ ਪਰਾਲੀ ਨੂੰ ਚੌਪਰ ਕਮ ਸ਼ਰੈਡਰ ਨਾਲ ਕੁਤਰ ਕੇ ਤਵੀਆਂ ਜਾਂ ਉਲਟਾਵੀ ਹੱਲ ਕੇ ਖੇਤ ਵਿੱਚ ਹੀ ਦਬਾ ਰਹੇ ਹਨ। ਇਸ ਵਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਹੇਠ ਰਕਬਾ ਵਧਣ ਦੀ ਸੰਭਾਵਨਾ ਹੈ। 
ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਕੁੱਲ ਇੱਕ ਲੱਖ ਪੰਜ ਹਜ਼ਾਰ ਪਸ਼ੂ ਹਨ ਜਿਨਾਂ ਨੂੰ ਖਾਣ ਲਈ 20 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਨਾਲ ਤਕਰੀਬਨ ਸੱਤ ਲੱਖ ਛਿਆਠ ਹਜ਼ਾਰ ਟਨ ਚਾਰਾ ਪ੍ਰਤੀ ਸਾਲ ਚਾਹੀਦਾ ਹੈ। 27000 ਹੈਕਟੇਅਰ ਰਕਬੇ ਵਿੱਚ ਬੀਜੇ ਝੋਨੇ ਅਤੇ ਬਾਸਮਤੀ ਦੀ ਫਸਲ ਤੋਂ ਤਕਰੀਬਨ ਇੱਕ ਲੱਖ ਪੈਂਤੀ ਹਜ਼ਾਰ ਟਨ ਪਰਾਲੀ ਪੈਦਾ ਹੁੰਦੀ ਹੈ। 
        ਪਿੰਡ ਝਲੋਆ ਦੇ ਅਗਾਂਹਵਧੂ ਕਿਸਾਨ ਤਿਲਕ ਰਾਜ ਨੇ ਕਿਹਾ ਕਿ ਮਿੱਟੀ ਦੀ ਸਿਹਤ ਵਿੱਚ ਦਿਨੋ ਦਿਨ ਨਿਗਾਰ ਆਉਣ ਦੇ ਮੁੱਖ ਕਾਰਨਾਂ ਵਿੱਚ ਕਿਸਾਨਾਂ ਦੁਆਰਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣਾ,ਸਿਫਾਰਸ਼ਾਂ ਦੇ ਉਲਟ ਰਸਾਇਣਕ ਖਾਦਾਂ ਦੀ ਵਰਤੋਂ ਕਰਨਾ ਹੈ। ਉਨਾਂ ਕਿਹਾ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਪਲਟਾਵੀ ਹੱਲ ਚਲਾ ਕੇ ਤਵੀਆਂ ਦੀ ਦੋਹਰ ਪਾ ਕੇ ਖੇਤਾਂ ਵਿੱਚ ਦਬਾਉਣ ਉਪਰੰਤ ਹੱਲਾਂ ਨਾਲ ਚੰਗੀ ਤਰਾਂ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾਂ ਹਾਂ,ਜਿਸ ਕਾਰਨ ਕਣਕ ਦੀ ਪੈਦਾਵਾਰ ਪ੍ਰਤੀ ਏਕੜ ਵਧੇਰੇ ਪੈਦਾਵਾਰ ਮਿਲਣ ਕਾਰਨ ਵਧੇਰੇ ਆਰਥਿਕ ਲਾਭ ਹੋਇਆਂ।ਉਨਾਂ ਕਿਹਾ ਕਿ ਕਣਕ ਦੀ ਕਟਾਈ ਉਪਰੰਤ ਕਣਕ ਦੇ ਨਾੜ ਨੂੰ ਸਾੜਣ ਦੀ ਬਿਜਾਏ,ਖੇਤ ਵਿੱਚ ਵਾਹ ਕੇ ਝੋਨੇ ਦੀ ਲਵਾਈ ਕੀਤੀ ਸੀ ,ਜਿਸ ਨਾਲ ਪ੍ਰਤੀ ਏਕੜ ਝੋਨੇ ਦੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ 4-5 ਕੁਇੰਟਲ ਵੱਧ ਹੋਈ ਹੈ ਇਸ ਤੋਂ ਇਲਾਵਾ ਜਮੀਨ ਦੀ ਪਾਣੀ ਸੰਭਾਲ ਸਮਰਥਾ ਵਧਣ ਦੇ ਨਾਲ ਨਾਲ ,ਪ੍ਰਤੀ ਏਕੜ ਯੂਰੀਆ ਦਾ ਇਸਤੇਮਾਲ, ਪਿਛਲੇ ਸਾਲ ਦੇ ਮੁਕਾਬਲੇ 30 ਕਿਲੋ ਪ੍ਰਤੀ ਏਕੜ ਘੱਟ ਕੀਤਾ, ਜਿਸ ਨਾਲ ਖੇਤੀ ਲਾਗਤ ਖਰਚੇ ਘੱਟ ਕਰਨ ਵਿੱਚ ਮਦਦ ਮਿਲੀ। 
ਪਿੰਡ ਨਾਜੋਚੱਕ ਦੇ ਕਿਸਾਨ ਮਦਨ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਕਣਕ ਦਾ ਨਾੜ,ਕਮਾਦ ਦੀ ਖੌਰੀ ਅਤੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤਾਂ ਵਿੱਚ ਦਬਾ ਕੇ ਢੱਕਣੇ ਦੇ ਤੌਰ ਤੇ ਵਰਤ ਕੇ ਫਸਲਾਂ ਦੀ ਕਾਸ਼ਤ ਕਰ ਰਿਹਾ ਹੈ।ਉਨਾ ਕਿਹਾ ਕਿ ਇਸ ਤਰਾਂ ਕਰਨ ਨਾਲ ਰੂੜੀ ਉੱਤੇ ਹੋਣ ਵਾਲ ਖਰਚਾ ਘਟਿਆ ਹੈ ਕਿਉਂਕਿ ਇੱਕ ਏਕੜ ਖੇਤ ਵਿੱਚ ਤਿੰਨ ਦੇਸੀ ਰੂੜੀ ਦੀਆਂ ਟਰਾਲੀਆਂ ਪਾਉਚ ਤੇ ਤਕਰੀਬਨ 6000 ਰੁਪਏ ਖਰਚਾ ਆਉਂਦਾ ਹੈ,ਜੋ ਫਸਲਾਂ ਦੀ ਰਹਿੰਦ ਖੂੰਹਦ ਖੇਤ ਵਿੱਚ ਮਿਲਾਉਣ ਨਾਲ ਬਚ ਜਾਂਦਾ ਹੈ। 
ਪਿੰਡ ਅਜੀਜਪੁਰ ਦੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਿਛਲੇ ਦੋ ਸਾਲ ਤੋਂ ਕਣਕ ਦੇ ਨਾੜ ਤੋਂ ਤੂੜੀ ਬਨਾਉਣ ਉਪਰੰਤ ਰਹਿੰਦਖੂਮਦ ਨੂੰ ਪਲਟਾਵੀ ਹੱਲ ਨਾਲ ਖੇਤ ਵਿੱਚ ਨਸ਼ਟ ਕਰਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ ਅਤੇ ਇਸੇ ਤਰਾਂ ਝੋਨੇ ਦੀ ਪਰਾਲੀ ਨੂੰ ਕਟਰ ਨਾਲ ਕੁਤਰਾ ਕੁਤਰਾ ਕਰਨ ਉਪਰੰੱ ਪਲਟਾਵੀ ਹੱਲ  ਰੋਟੱਵੇਟਰ ਦੀ ਮਦਦ ਨਾਲ ਖੇਤ ਵਿੱਚ ਮਿਲਾਉਣ ਤੋਂ ਬਾਅਦ ਕਣਕ ਦੀ ਬਿਜਾਈ ਕਰ ਰਿਹਾਂ ਹਾਂ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਪੈਦਾਵਾਰ ਵਿੱਚ ਵਾਧਾ ਵੀ ਹੋਇਆਂ ਹੈ।  
ਪਿੰਡ ਪਪਿਆਲ ਦੇ ਅਗਾਂਹਵਧੂ ਕਿਸਾਨ ਹਰਦੇਵ ਸਿੰਘ ਨੇ ਦੱਸਿਆ ਕਿ ਮੈਂ ਪਿਛਲੇ ਪੰਜ ਸਾਲ ਤੋਂ ਝੋਨੇ ਦੀ ਪਰਾਲੀ ਦਾ ਫੂਸ ਪਸ਼ੂ ਪਾਲਕਾਂ ਨੂੰ ਵੇਚ ਕੇ ਬਾਕੀ ਬਚੀ ਰਹਿੰਦ ਖੂੰਹਦ ਨੂੰ ਤਵੀਆਂ ਅਤੇ ਰੋਟਾਵੇਟਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਿਹਾਂ ਹਾਂ। ਉਨਾਂ ਕਿਹਾ ਕਿ ਇਸ ਵਾਰ ਕਣਕ ਦੀ ਬਿਜਾਈ ਬੀਜ ਡਰਿਲ ਨਾਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪਿਛਲੇ ਸਾਲ ਕਮਾਦ ਦੀ ਖੋਰੀ ਨੂੰ ਖੇਤ ਵਿੱਚ ਹੀ ਪਈ ਰਹਿਣ ਦਿੱਤੀ ਸੀ ਜਿਸ ਨਾਲ ਕਮਾਦ ਦੀ ਮੂਢੀ ਫਸਲ ਬਹੁਤ ਵਧੀਆ ਹੋਈ ਹੈ ਅਤੇ ਖੇਤਾਂ ਵਿੱਚ ਗੰਡੋਇਆਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। 
ਵਿਨੋਦ ਕੁਮਾਰ ਪਿੰਡ ਅਜੀਜਪੁਰ ਨਿਵਾਸੀ ਨੇ ਦੱਸਿਆ ਕਿ 7 ਏਕੜ ਰਕਬੇ ਵਿੱਚ ਪਿਛਲੇ 2 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਦੀ ਬਿਜਾਏ ਤਵੀਆਂ ਅਤੇ ਰੋਟਾਵੇਟਰ ਦੀ ਮਦਦ ਨਾਲ ਖੇਤ ਵੀ ਨਸ਼ਟ ਕਰਨ ਨਾਲ ਕਣਕ ਦਾ ਵਧੇਰੇ ਝਾੜ ਮਿਲਣ ਦੇ ਨਾਲ ਨਾਲ ਮਿੱਟੀ ਦੀ ਸਿਹਤ ਸੁਦਾਰਣ ਵਿੱਚ ਮਦਦ ਮਿਲੀ ਹੈ।ਉਨਾ ਦੱਸਿਆ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਚੌਪਰ ਨਾਲ ਕੁਤਰ ਕੇ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਬਿਜਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ , ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਕਾਰਨ ਪਰਾਲੀ ਨਾਂ ਸਾੜਣ ਦੇ ਵਾਕਿਆ ਪੰਜਾਬ ਵਿੱਚ ਸਭ ਤੋਂ ਘੱਟ ਹੋਣ ਕਾਰਨ ਜ਼ਿਲਾ ਪਠਾਨਕੋਟ ਪੰਜਾਬ ਦਾ ਪਹਿਲਾ ਸਭ ਤੋਂ ਘੱਟ ਪ੍ਰਦੂਸ਼ਣ ਰਹਿਤ ਜ਼ਿਲਾ ਬਣ ਗਿਆ ਹੈ। ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲਾ,ਬਲਾਕ ਅਤੇ ਪਿੰਡ ਪੱਧਰ ਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਉਨਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਪਰਾਲੀ ਸਾੜਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੁਕ ਕਰਨ ਲਈ ਸਕੂਲਾਂ/ਕਾਲਜਾਂ ਵਿੱਚ ਵਿਸ਼ੇਸ਼ ਜਾਗਰੁਕਤਾ ਸਮਾਗਮ ਕਰਵਾਏ ਜਾ ਰਹੇ ਤਾਂ ਜੋ ਬੱਚੇ ਆਪਣੇ ਮਾਪਿਆਂ,ਆਢੀਆਂ ਗੁਆਂਢੀਆਂ ਨੂੰ ਝੋਨੇ ਦੀ ਪਰਾਲੀ ਨਾਂ ਸਾੜਣ ਬਾਰੇ ਪ੍ਰੇਰਿਤ ਕਰ ਸਕਣ। ਉਨਾਂ ਪਿਛਲੇ ਦੋ ਸਾਲਾ ਦੌਰਾਨ ਜ਼ਿਲਾ ਪਠਾਨਕੋਟ ਨੂੰ ਪ੍ਰਦੂਸ਼ਣ ਮੁਕਤ ਰੱਖਣ ਤੇ ਜ਼ਿਲੇ ਦੇ ਸਮੂਹ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਇਸ ਵਾਰ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਈ ਜਾਵੇ ਅਤੇ ਜੇਕਰ ਕੋਲ ਵਾਧੂ ਪਰਾਲੀ ਹੋਵੇ ਤਾਂ ਉਹ ਕਿਸਾਨ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ ਰੱਖੇ ਪਸ਼ੂਆਂ ਲਈ ਵੇਚ ਅਤੇ ਦਾਨ ਵੀ ਕਰ ਸਕਦਾ ਹੈ।

© 2016 News Track Live - ALL RIGHTS RESERVED