ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮੰਡੀਆਂ ’ਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

Nov 01 2018 03:47 PM
ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮੰਡੀਆਂ ’ਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

ਖੰਨਾ

ਝੋਨੇ ’ਚ ਨਮੀ ਦੀ ਮਾਤਰਾ ਨੂੰ ਲੈ ਕੇ ਕਿਸਾਨਾਂ ਅਤੇ ਆਡ਼੍ਹਤੀਆਂ ’ਚ ਚੱਲ ਰਹੀ ਖਿੱਚੋਤਾਣ ਦੇ ਚਲਦਿਆਂ ਵਿਰੋਧੀ ਧਿਰ ਦੀ ਉਪ ਨੇਤਾ ਤੇ ਹਲਕਾ ਜਗਰਾਓਂ ਦੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡਾਂ ਦੀਆਂ ਵੱਖ-ਵੱਖ ਮੰਡੀਆਂ ’ਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਫੌਰੀ ਤੌਰ ’ਤੇ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਸਮੇਂ ਅਨਾਜ ਮੰਡੀ ਕਾਉਂਕੇ ਕਲਾਂ, ਡੱਲਾ, ਬਜ਼ੁਰਗ ਤੇ ਲੀਲਾਂ ਵਿਖੇ ਪੁੱਜੀ ਵਿਧਾਇਕ ਮਾਣੂੰਕੇ ਨੇ ਕਿਸਾਨਾਂ ਨੂੰ ਰਾਹਤ ਦਿਵਾਉਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਮੰਡੀਆਂ ’ਚੋਂ ਇਕ-ਇਕ ਦਾਣਾ ਚੁਕਵਾਇਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਦੀ ਤਰਜ਼ ’ਤੇ ਕਿਸਾਨਾਂ ਦਾ 20 ਫ਼ੀਸਦੀ ਨਮੀ ਵਾਲਾ ਝੋਨਾ ਵੀ ਖਰੀਦਿਆ ਜਾਣਾ ਚਾਹੀਦਾ ਹੈ ਤਾਂ ਜੋ ਮੌਸਮ ਦੇ ਬਦਲਦੇ ਮਜ਼ਾਜ਼ ਕਰਕੇ ਕਿਸਾਨਾਂ ਨੂੰ ਕੁੱਝ ਰਾਹਤ ਮਹਿਸੂਸ ਹੋ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 17 ਫ਼ੀਸਦੀ ਨਮੀ ਵਾਲਾ ਝੋਨਾ ਹੀ ਖਰੀਦਿਆ ਜਾ ਰਿਹਾ ਹੈ, ਜਦਕਿ ਸਰਦ ਰੁੱਤ ਦੇ ਮੌਸਮ ’ਚ ਇੰਨੀ ਘੱਟ ਨਮੀ ਵਾਲਾ ਝੋਨਾ ਮੰਡੀਆਂ ’ਚ ਪਹੁੰਚਾਉਣਾ ਕਿਸਾਨਾਂ ਲਈ ਇਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸ ਸਮੇਂ ਉਨ੍ਹਾਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੂੰ ਮੌਕੇ ’ਤੇ ਫੋਨ ਕਰਕੇ ਆਪਣੇ ਇਲਾਕੇ ਦੀਆਂ ਮੰਡੀਆਂ ’ਚ ਪਿਆ ਸਾਰਾ ਝੋਨਾ ਜਲਦ ਚੁਕਾਉਣ ਲਈ ਕਿਹਾ, ਜਿਸ ’ਤੇ ਮੰਤਰੀ ਆਸ਼ੂ ਨੇ ਭਰੋਸਾ ਦਿੱਤਾ ਕਿ 2 ਦਿਨਾਂ ’ਚ ਮੰਡੀਆਂ ’ਚੋਂ ਝੋਨਾ ਚੁੱਕ ਲਿਆ ਜਾਵੇਗਾ। ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਘਾਗੂ, ਹੈਪੀ ਲੋਹਟ, ਛਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਨਿਸ਼ਾਨ ਸਿੰਘ, ਲਵਪ੍ਰੀਤ ਸਿੰਘ, ਸੋਨੀ ਕਾਉਂਕੇ, ਕਰਮਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED