50 ਰੁਪਏ ਲੀਟਰ ਦੇ ਹਿਸਾਬ ਨਾ ਪੁਆਇਆ ਡੀਜਲ, ਕੀਤੀ ਮਹਿੰਗੀ ਕਾਰ ਖਰਾਬ

Jun 25 2018 03:39 PM
50 ਰੁਪਏ ਲੀਟਰ ਦੇ ਹਿਸਾਬ ਨਾ ਪੁਆਇਆ ਡੀਜਲ, ਕੀਤੀ ਮਹਿੰਗੀ ਕਾਰ ਖਰਾਬ


ਜਲੰਧਰ
ਮਹਾਨਗਰ ਵਿਚ ਇਨ•ੀਂ ਦਿਨੀਂ ਜੋ ਲੋਕ ਸਸਤੇ ਰੇਟ ਵਿਚ ਡੀਜ਼ਲ ਜਾਂ ਪੈਟਰੋਲ ਤੁਹਾਨੂੰ ਘਰ ਆ ਕੇ ਸਪਲਾਈ ਕਰ ਰਹੇ ਹਨ ਤਾਂ ਤੁਸੀਂ ਅਜਿਹੇ ਲੋਕਾਂ ਤੋਂ ਬਚ ਕੇ ਰਹੋ। ਸਸਤੇ ਦੇ ਚੱਕਰ ਵਿਚ ਕਿਤੇ ਤੁਹਾਡੀ ਮਹਿੰਗੀ ਕਾਰ ਖਰਾਬ ਨਾ ਹੋ ਜਾਵੇ ਅਤੇ ਪੈਸੇ ਬਚਾਉਣ ਦੀ ਥਾਂ 'ਤੇ ਕਈ ਗੁਣਾ ਪੈਸੇ ਨਾ ਖਰਚ ਕਰਨੇ ਪੈ ਜਾਣ। ਅਜਿਹਾ ਹੀ ਮਾਮਲਾ ਸ਼ਹਿਨਾਈ ਪੈਲੇਸ ਰੋਡ ਕੋਲ ਵਾਪਰਿਆ ਹੈ ਜਿੱਥੇ ਇਕ ਵਿਅਕਤੀ ਨੇ ਆਪਣੀ ਕਾਰ ਵਿਚ ਸਸਤਾ ਡੀਜ਼ਲ ਪਾਉਣ ਦੇ ਚੱਕਰ ਵਿਚ ਕਾਰ ਖਰਾਬ ਕਰ ਲਈ। ਜਾਣਕਾਰੀ ਮੁਤਾਬਕ ਸ਼ਹਿਨਾਈ ਪੈਲੇਸ ਰੋਡ ਵਾਸੀ ਵਿਅਕਤੀ ਦੀ ਮੁਲਾਕਾਤ ਇਕ ਨੌਸਰਬਾਜ਼ ਨਾਲ ਹੋ ਗਈ। ਉਕਤ ਨੌਸਰਬਾਜ਼ ਨੇ ਕਿਹਾ ਕਿ ਟੈਂਕਰ ਤੋਂ ਜੋ ਡੀਜ਼ਲ ਪੈਟਰੋਲ ਪੰਪ ਵਾਲਿਆਂ ਨੂੰ ਸਪਲਾਈ ਹੁੰਦਾ ਹੈ ਉਹ ਟੈਂਕਰ ਤੋਂ ਡੀਜ਼ਲ ਸਸਤੇ ਰੇਟ 'ਤੇ ਲੈ ਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਕਈ ਅਜਿਹੇ ਲੋਕ ਹਨ ਜੋ ਕਿ ਉਸ ਤੋਂ ਡੀਜ਼ਲ ਲੈਂਦੇ ਹਨ। ਸ਼ਾਤਰ ਨੌਸਰਬਾਜ਼ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਉਸ ਨੂੰ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਸੇ ਦਿੱਤੇ ਅਤੇ 10 ਲਿਟਰ ਡੀਜ਼ਲ ਖਰੀਦਿਆ। ਸ਼ੁਰੂ-ਸ਼ੁਰੂ ਵਿਚ ਤਾਂ ਸਸਤੇ ਵਿਚ ਡੀਜ਼ਲ ਮਿਲਦਾ ਰਿਹਾ। ਬਾਅਦ ਵਿਚ ਸ਼ਾਤਰ ਨੇ ਭਰੋਸਾ ਜਿੱਤ ਕੇ 25 ਲਿਟਰ ਡੀਜ਼ਲ ਦਿੱਤਾ ਜਿਸ ਨੂੰ ਗੱਡੀ ਵਿਚ ਪਾ ਕੇ ਨੌਸਰਬਾਜ਼ ਚਲਾ ਗਿਆ। ਅਗਲੇ ਹੀ ਦਿਨ ਕਾਰ ਮਾਲਕ ਨੇ ਕਾਰ ਸਟਾਰਟ ਕੀਤੀ ਤਾਂ ਕਾਰ ਖਰਾਬ ਹੋ ਚੁੱਕੀ ਸੀ। ਮੋਟਰ ਗੈਰੇਜ ਵਿਚ ਕਾਰ ਦੇਖਣ 'ਤੇ ਪਤਾ ਲੱਗਾ ਕਿ ਕਾਰ ਦੀ ਟੈਂਕੀ ਵਿਚ ਡੀਜ਼ਲ ਦੀ ਥਾਂ 'ਤੇ ਪਾਣੀ ਨਿਕਲ ਰਿਹਾ ਸੀ ਜੋ ਕਿ ਕਾਰ ਦੇ ਫਿਲਟਰ ਤੇ ਹੋਰ ਸੈਂਸਰਾਂ ਨੂੰ ਖਰਾਬ ਕਰ ਚੁੱਕਾ ਸੀ। ਕਾਰ ਤੋਂ ਮਿਲਾਵਟੀ ਡੀਜ਼ਲ ਕਢਵਾ ਕੇ ਕਾਰ ਮਾਲਕ ਨੇ ਕਰੀਬ 8 ਹਜ਼ਾਰ ਰੁਪਏ ਖਰਚ ਕਰ ਕੇ ਕਾਰ ਠੀਕ ਕਰਵਾਈ ਤੇ ਨੌਸਰਬਾਜ਼ ਦੇ ਮੋਬਾਇਲ ਨੰਬਰ 'ਤੇ ਕਾਲ ਕੀਤੀ ਤਾਂ ਉਸ ਨੇ ਆਪਣਾ ਨੰਬਰ ਬੰਦ ਕਰ ਲਿਆ। ਦੱਸਿਆ ਜਾ ਰਿਹਾ ਹੈ ਨੌਸਰਬਾਜ਼ ਅਜੀਤ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਕਾਰ ਮਾਲਕ ਨੇ ਪੁਲਸ ਕੋਲ ਸ਼ਿਕਾਇਤ ਕਰ ਦਿੱਤੀ ਹੈ ਤੇ ਪੁਲਸ ਨੌਸਰਬਾਜ਼ ਦੀ ਤਲਾਸ਼ ਕਰ ਰਹੀ ਹੈ।

© 2016 News Track Live - ALL RIGHTS RESERVED