ਕਰਤਾਰਪੁਰ 'ਚ ਫਲਾਈਓਵਰ ਲਾਭ ਦੀ ਥਾਂ ਬਣ ਰਿਹਾ ਮੁਸੀਬਤਾ ਦਾ ਸਬਬ

Jun 26 2018 03:17 PM
ਕਰਤਾਰਪੁਰ 'ਚ ਫਲਾਈਓਵਰ ਲਾਭ ਦੀ ਥਾਂ ਬਣ ਰਿਹਾ ਮੁਸੀਬਤਾ ਦਾ ਸਬਬ


ਜਲੰਧਰ
ਛੇ ਮਾਰਗੀ ਪ੍ਰੋਜੈਕਟ ਅਧੀਨ ਕਰਤਾਰਪੁਰ 'ਚ ਫਲਾਈਓਵਰ ਲਗਭਗ ਤਿਆਰ ਹੈ ਪਰ ਇਹ ਫਲਾਈਓਵਰ ਸ਼ਹਿਰ ਵਾਸੀਆਂ ਲਈ ਸਹੂਲਤਾਂ ਘੱਟ ਅਤੇ ਔਕੜਾਂ ਜ਼ਿਆਦਾ ਲਿਆਉਣ ਵਾਲਾ ਸਾਬਤ ਹੋ ਰਿਹਾ ਹੈ। ਪਹਿਲੀ ਮੁਸ਼ਕਿਲ ਇਹ ਹੈ ਕਿ ਅੰਮ੍ਰਿਤਸਰ ਵੱਲੋਂ ਆ ਰਹੇ ਮੁਸਾਫਿਰਾਂ ਲਈ ਕਰਤਾਰਪੁਰ ਉਤਰਨ ਦਾ ਕੋਈ ਵੀ ਟਿਕਾਣਾ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਨਹੀਂ ਬਣਾਇਆ ਗਿਆ ਅਤੇ ਕਰਤਾਰਪੁਰ ਦੇ ਮੁਸਾਫਿਰ ਪੁਲ ਉਪਰ ਹੀ ਉਤਰਨ ਲਈ ਮਜਬੂਰ ਹਨ, ਜਿੱਥੇ ਬੱਸ ਚਾਲਕ ਉਤਾਰਦੇ ਹਨ ਉਥੇ ਹਾਈਵੇਅ ਅਥਾਰਟੀ ਵੱਲੋਂ ਪੁਲ ਦੀ ਕਰੀਬ 4 ਫੁੱਟ ਉੱਚੀ ਸੁਰੱਖਿਆ ਲਈ ਕੰਧ ਬਣਾਈ ਹੋਈ ਹੈ। ਇਥੇ ਉਤਰਨਾ ਕਿਸੇ ਬਜ਼ੁਰਗ ਲਈ ਤਾਂ ਔਖਾ ਹੈ ਹੀ ਆਮ ਲੋਕ ਵੀ ਉਤਰਨ ਤੋਂ ਘਬਰਾਉਂਦੇ ਹਨ। ਵਰਣਨਯੋਗ ਹੈ ਕਿ ਕਰਤਾਰਪੁਰ ਤੋਂ ਅੰਮ੍ਰਿਤਸਰ ਵੱਲ ਸਰਵਿਸ ਲਾਈਨ 'ਤੇ ਉਤਰਨ ਦਾ ਕੋਈ ਵੀ ਰਸਤਾ ਨਹੀਂ ਬਣਿਆ ਅਤੇ ਬੱਸ ਚਾਲਕ ਪੁਲ ਉਪਰੋਂ ਹੀ ਬੱਸਾਂ ਕੱਢ ਕੇ ਲਿਜਾਂਦੇ ਹਨ, ਜਿਸ ਨਾਲ ਜਲੰਧਰ ਜਾਣ ਵਾਲੀਆਂ ਸਵਾਰੀਆਂ ਵੀ ਬੁਰੀ ਤਰ•ਾਂ ਪ੍ਰਭਾਵਿਤ ਹੋ ਰਹੀਆਂ ਹਨ, ਕਿਉਂਕਿ ਨਾਮਾਤਰ ਬੱਸਾਂ ਹੀ ਸਰਵਿਸ ਲਾਈਨ 'ਤੇ ਆਉਂਦੀਆਂ ਹਨ। ਦੱਸਣਯੋਗ ਹੈ ਕਿ ਅੰਮ੍ਰਿਤਸਰ ਵੱਲੋਂ ਕਰਤਾਰਪੁਰ ਤੋਂ ਕਰੀਬ 3 ਮੀਟਰ ਪਹਿਲਾਂ ਹੀ ਪੁਲ ਸ਼ੁਰੂ ਹੋ ਜਾਂਦਾ ਹੈ, ਜੋ ਕਿ ਪੂਰਾ ਕਰਤਾਰਪੁਰ ਸ਼ਹਿਰ ਪੁਲ ਦੇ ਘੇਰੇ ਵਿਚ ਆ ਚੁੱਕਾ ਹੈ ਅਤੇ ਇਹ ਪੁਲ ਜਲੰਧਰ ਵੱਲ ਕਰਤਾਰਪੁਰ ਤੋਂ ਬਾਹਰ ਜੰਗ-ਏ-ਆਜ਼ਾਦੀ ਕੋਲ ਹੀ ਉਤਰਦਾ ਹੈ। ਇਥੋਂ ਸ਼ਹਿਰ ਨੂੰ ਆਉਣ ਲਈ ਕੋਈ ਵੀ ਸਾਧਨ ਨਹੀਂ ਹੈ। ਦੂਜੇ ਪਾਸੇ ਦੇਖੀਏ ਤਾਂ ਜਲੰਧਰ ਵੱਲੋਂ ਆਉਣ ਵਾਲੀਆਂ ਬੱਸਾਂ ਵੀ ਪੁਲ ਉਪਰੋਂ ਹੀ ਲੰਘ ਜਾਂਦੀਆਂ ਹਨ ਅਤੇ ਅੰਮ੍ਰਿਤਸਰ ਵਾਲੇ ਪਾਸੇ ਜਾਣ ਵਾਲੀਆਂ ਸਵਾਰੀਆਂ ਵੀ ਖੱਜਲ-ਖਰਾਬ ਹੋ ਰਹੀਆਂ ਹਨ। ਪੁਲ ਤੋਂ ਬਾਅਦ ਜੇਕਰ ਸ਼ਹਿਰ ਵੱਲ ਝਾਤ ਮਾਰੀਏ ਤਾਂ ਹਾਈਵੇਅ ਅਥਾਰਿਟੀ ਨੇ ਸਿਰਫ ਆਪਣੇ ਕੰਮ ਨੂੰ ਹੀ ਸਿੱਧਾ ਕੀਤਾ ਹੈ। ਕਰਤਾਰਪੁਰ ਵਿਖੇ ਬਣ ਰਹੇ ਪੁਲ ਦੇ ਦੋਵੇਂ ਪਾਸੇ ਸਰਵਿਸ ਲਾਈਨਾਂ ਲਈ ਰਸਤਾ ਦੇਣ ਦੀ ਮੰਗ ਕਰਦਿਆਂ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ ਅਤੇ ਕੁਝ ਦਿਨ ਕੰਮ ਬੰਦ ਰੱਖਣ ਤੋਂ ਬਾਅਦ ਲੋਕਾਂ ਦੀ ਇਸ ਮੰਗ ਨੂੰ ਮੰਨਦਿਆਂ ਦੋਵੇਂ ਪਾਸੇ ਸਰਵਿਸ ਲਾਈਨ 'ਤੇ ਰਸਤਾ ਦੇਣ 'ਤੇ ਹਾਈਵੇ ਅਥਾਰਟੀ ਨੇ ਸਹਿਮਤੀ ਵੀ ਪ੍ਰਗਟਾਈ। ਕੰਮ ਮੁਕੰਮਲ ਹੋਣ ਦਾ ਸਮਾਂ ਆ ਗਿਆ ਹੈ ਪਰ ਅਜੇ ਤਕ ਲੋਕਾਂ ਦੀ ਇਸ ਮੰਗ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਈ ਕਵਾਇਦ ਸ਼ੁਰੂ ਨਹੀਂ ਹੋਈ। ਲੋਕਾਂ ਦੀ ਮੰਗ ਹੈ ਕਿ ਜਲੰਧਰ ਅਤੇ ਅੰਮ੍ਰਿਤਸਰ ਵੱਲ ਜਾਣ-ਆਉਣ ਵਾਲੇ ਮੁਸਾਫਿਰਾਂ ਦੀ ਸੁਰੱਖਿਅਤ ਪਹੁੰਚ ਨੂੰ ਵਿਭਾਗ ਯਕੀਨੀ ਬਣਾਵੇ ਅਤੇ ਪੰਜਾਬ ਅਤੇ ਦੇਸ਼ ਵਿਚ ਮਿਲਣ ਵਾਲੀਆਂ ਸਹੂਲਤਾਂ ਫਾਇਦੇਮੰਦ ਹੋਣ ਨਾ ਕਿ ਪਰੇਸ਼ਾਨੀ ਦਾ ਸਬੱਬ ਬਣਨ।

© 2016 News Track Live - ALL RIGHTS RESERVED