ਸੀਵਰ ਕਰਮਚਾਰੀਆਂ ਨੂੰ ਤਨਖਾਹ ਲੈਣ ਲਈ ਤਰਲੋਮੱਛੀ ਹੋਣਾ ਪੈ ਰਿਹਾ

Jul 31 2018 03:28 PM
ਸੀਵਰ ਕਰਮਚਾਰੀਆਂ ਨੂੰ ਤਨਖਾਹ ਲੈਣ ਲਈ ਤਰਲੋਮੱਛੀ ਹੋਣਾ ਪੈ ਰਿਹਾ


ਅੰਮ੍ਰਿਤਸਰ
ਖੁਦ ਗੰਦਗੀ ਵਿਚ ਰਹਿ ਕੇ ਦੂਸਰਿਆਂ ਨੂੰ ਸਹੂਲਤਾਂ ਦੇਣ ਵਾਲੇ ਡੀ.ਸੀ. ਰੇਟਾਂ 'ਤੇ ਕੰਮ ਕਰਦੇ ਸੀਵਰ ਕਰਮਚਾਰੀਆਂ ਨੂੰ ਤਨਖਾਹ ਲੈਣ ਲਈ ਤਰਲੋਮੱਛੀ ਹੋਣਾ ਪੈ ਰਿਹਾ ਹੈ। ਅਪ੍ਰੈਲ ਤੋਂ ਮਈ ਮਹੀਨੇ ਤੱਕ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਸੀਵਰ ਕਰਮਚਾਰੀਆਂ ਨੇ ਨਿਗਮ ਕਮਿਸ਼ਨਰ ਦਫਤਰ ਅੱਗੇ ਸ਼ਾਂਤਮਈ ਤਰੀਕੇ ਨਾਲ ਧਰਨਾ ਦਿੱਤਾ। ਹਾਲਾਂਕਿ ਕਮਿਸ਼ਨਰ ਦੇ ਸਹਾਇਕ ਅਨਿਲ ਸ਼ਰਮਾ ਨੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਸਮਝਾਉਣ ਦਾ ਯਤਨ ਕੀਤਾ ਪਰ ਕਮਿਸ਼ਨਰ ਸੋਨਾਲੀ ਗਿਰੀ ਨਾਲ ਕੀਤੀ ਬੈਠਕ ਦੌਰਾਨ ਛੇਤੀ ਹੀ ਦੋ ਮਹੀਨਿਆਂ ਦੀਆਂ ਤਨਖਾਹਾਂ ਮਿਲਣ ਦੇ ਭਰੋਸੇ ਉਪਰੰਤ ਸੀਵਰ ਕਰਮਚਾਰੀ ਧਰਨੇ ਤੋਂ ਉੱਠ ਗਏ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿਨੋਦ ਬਿੱਟਾ ਨੇ ਕਰਮਚਾਰੀਆਂ ਦੇ ਹੱਕ ਵਿਚ ਸਾਥ ਦਿੱਤਾ।
ਬੈਠਕ ਤੋਂ ਪਹਿਲਾਂ ਸੀਵਰੇਜ ਇੰਪਲਾਈਜ਼ ਯੂਨੀਅਨ ਨਗਰ ਨਿਗਮ ਦੇ ਪ੍ਰਧਾਨ ਅਸ਼ੋਕ ਹੰਸ, ਦੀਪਕ ਨਾਹਰ, ਦੀਪਕ ਗਿੱਲ, ਗੋਲਡੀ, ਗਾਂਧੀ, ਵਿਕਰਮ, ਵਿਕਾਸ ਸੌਰਵ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਸੀਵਰੇਜਾਂ ਦੀਆਂ ਹੌਦੀਆਂ ਦੀ ਗੰਦਗੀ ਵਿਚ ਕੰਮ ਕਰਦੇ ਆ ਰਹੇ ਹਨ ਪਰ ਡੀ.ਸੀ.ਰੇਟ 'ਤੇ ਕੰਮ ਕਰ ਰਹੇ 195 ਸੀਵਰ ਕਰਮਚਾਰੀਆਂ ਨੂੰ ਤਨਖਾਹਾਂ ਸਮੇਂ ਸਿਰ ਨਾ ਮਿਲਣ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਪ੍ਰੈਲ ਮਹੀਨੇ ਤੋਂ ਲੈ ਕੇ ਅੱਜ ਤੱਕ ਤਨਖਾਹਾਂ ਨਾ ਮਿਲਣ ਕਰ ਕੇ ਰੋਜ਼ੀ ਰੋਟੀ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਰਿਹਾ ਹੈ।

© 2016 News Track Live - ALL RIGHTS RESERVED