ਮੋਹਨ ਭਾਗਵਤ ਸ਼ਤਾਬਦੀ ਐਕਸਪ੍ਰੈਸ 'ਚ ਪਹੁੰਚੇ ਜਲੰਧਰ

Oct 09 2018 03:43 PM
ਮੋਹਨ ਭਾਗਵਤ ਸ਼ਤਾਬਦੀ ਐਕਸਪ੍ਰੈਸ 'ਚ ਪਹੁੰਚੇ ਜਲੰਧਰ

ਜਲੰਧਰ

ਰਾਸ਼ਟਰੀ ਸਵੈਂ ਸੇਵਕ ਪ੍ਰਮੁੱਖ ਮੋਹਨ ਭਾਗਵਤ ਸੋਮਵਾਰ ਦੇਰ ਸ਼ਾਮ ਸ਼ਤਾਬਦੀ ਐਕਸਪ੍ਰੈਸ 'ਚ ਸਿਟੀ ਰੇਲਵੇ ਸਟੇਸ਼ਨ ਪਹੁੰਚੇ। ਉਹ ਜਲੰਧਰ 'ਚ ਸੂਰਿਆ ਐਨਕਲੇਵ ਕੋਲ ਸਥਿਤ ਵਿਦਿਆ ਧਾਮ 'ਚ ਤਿੰਨ ਰੋਜ਼ਾ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਹਨ। ਇਸ ਦੌਰਾਨ ਉਹ ਸੰਘ ਪ੍ਰਚਾਰਕਾਂ ਨਾਲ ਮੀਟਿੰਗਾਂ ਵੀ ਕਰਨਗੇ। ਉਨ੍ਹਾਂ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਸ, ਰੇਲਵੇ ਪੁਲਸ ਤੋਂ ਇਲਾਵਾ ਵੱਖ ਵੱਖ ਏਜੰਸੀਆਂ ਚੌਕਸ ਹੋ ਗਈਆਂ। 

ਹਾਲਾਂਕਿ ਉਨ੍ਹਾਂ ਨੇ ਦੇਰ ਰਾਤ ਸਿਟੀ ਸਟੇਸ਼ਨ ਪਹੁੰਚਣਾ ਸੀ ਪਰ ਸ਼ਾਮ ਨੂੰ ਹੀ ਸਟੇਸ਼ਨ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਸੀ। ਰੇਲਵੇ ਸਟੇਸ਼ਨ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕਰਨ ਲਈ ਜ਼ਿਲਾ ਪੁਲਸ ਦੇ ਐੱਸ. ਪੀ. ਪਰਮਿੰਦਰ  ਸਿੰਘ ਭੰਡਾਲ ਤੋਂ ਇਲਾਵਾ ਕਈ ਸਥਾਨਾਂ ਦੇ ਇੰਚਾਰਜ ਪੁਲਸ ਫੋਰਸ ਦੇ ਨਾਲ ਡਟੇ ਰਹੇ। ਟਰੇਨ 'ਚੋਂ ਉਤਰਨ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਦੇ ਘੇਰੇ 'ਚ ਬਾਹਰ ਤੱਕ ਲਿਆਂਦਾ ਗਿਆ, ਜਿਸ ਤੋਂ ਬਾਅਦ ਕਾਫਿਲੇ 'ਚ ਵਿਦਿਆ ਧਾਮ ਲਈ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਮੋਹਨ ਭਾਗਵਤ 3 ਦਿਨਾਂ ਦੇ ਪ੍ਰੋਗਰਾਮ 'ਚ ਵੱਖ-ਵੱਖ ਸੂਬਿਆਂ ਤੋਂ ਆਏ ਸੰਘ ਪ੍ਰਚਾਰਕਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਕਈ ਵਿਸ਼ਿਆਂ 'ਤੇ ਮੰਥਨ ਹੋਵੇਗਾ ਅਤੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ। 

ਰੇਲਵੇ ਸਟੇਸ਼ਨ 'ਤੇ ਪਹੁੰਚੇ ਭਾਗਵਤ ਦੀ ਵੀਡੀਓ ਬਣਾ ਰਹੇ ਇਕ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ। ਅੰਬਾਲਾ ਤੋਂ ਟਰੇਨ 'ਚ ਐਸਕਾਰਟ ਕਰ ਰਹੇ ਜੀ. ਆਰ. ਪੀ. ਦੇ ਡੀ. ਐੱਸ. ਪੀ. ਐਡਮਿਨ ਗੁਰਸ਼ਰਨ ਸਿੰਘ ਨੇ ਉਕਤ ਨੌਜਵਾਨ ਕੋਲੋਂ ਪੁੱਛਗਿੱਛ ਕੀਤੀ। ਪਤਾ ਚਲਿਆ ਕਿ ਉਹ ਵੀਡੀਓ ਬਣਾਉਣ ਵਾਲਾ ਨੌਜਵਾਨ ਰੇਲਵੇ ਦਾ ਸਫਾਈ ਕਰਮਚਾਰੀ ਸੀ। ਪੁਲਸ ਨੇ ਪੁੱਛਗਿੱਛ ਤੋਂ ਬਾਅਦ ਉਕਤ ਨੌਜਵਾਨ ਦੇ ਮੋਬਾਇਲ 'ਚੋਂ ਵੀਡੀਓ ਡਿਲੀਟ ਕਰਕੇ ਚਿਤਾਵਨੀ ਦੇ ਕੇ  ਛੱਡ ਦਿੱਤਾ।

© 2016 News Track Live - ALL RIGHTS RESERVED