ਸੋਢਲ ਰੋਡ ਬਰਸਾਤ ਦੇ ਦਿਨਾਂ ਵਿੱਚ ਫਿਰ ਮਾਰੇਗੀ ਡੁਬਕੀ

Jun 25 2018 03:39 PM
ਸੋਢਲ ਰੋਡ ਬਰਸਾਤ ਦੇ ਦਿਨਾਂ ਵਿੱਚ ਫਿਰ ਮਾਰੇਗੀ ਡੁਬਕੀ


ਜਲੰਧਰ
ਬਰਸਾਤੀ ਸੀਜ਼ਨ ਸਿਰ 'ਤੇ ਹੈ ਅਤੇ ਜਲੰਧਰ ਵਿਚ ਸਟਾਰਮ ਵਾਟਰ ਸੀਵਰ ਨਾ ਹੋਣ ਕਾਰਨ ਹਰ ਸਾਲ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਮੀਂਹ ਦੇ ਪਾਣੀ ਨਾਲ ਭਰ ਜਾਂਦੀਆਂ ਹਨ। ਸਭ ਤੋਂ ਜ਼ਿਆਦਾ ਬੁਰਾ ਹਾਲ ਸੋਢਲ ਰੋਡ ਦਾ ਹੁੰਦਾ ਹੈ, ਜਿਥੇ ਬਰਸਾਤਾਂ ਵਿਚ ਕਈ-ਕਈ ਫੁੱਟ ਪਾਣੀ ਕਈ ਦਿਨ ਖੜ•ਾ ਰਹਿੰਦਾ ਹੈ। ਇਸ ਖੇਤਰ ਵਿਚ ਸਟਾਰਮ ਵਾਟਰ ਸੀਵਰ ਪਾਉਣ ਦੇ ਕਈ ਪ੍ਰਾਜੈਕਟ ਬਣੇ ਪਰ ਕੋਈ ਵੀ ਅਜੇ ਤਕ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੀਆਂ ਇਕ-ਦੋ ਬਰਸਾਤਾਂ ਵਿਚ ਸੋਢਲ ਰੋਡ ਬਰਸਾਤ ਦੇ ਦਿਨਾਂ ਵਿਚ ਪਾਣੀ ਵਿਚ ਡੁੱਬਿਆ ਰਹੇਗਾ।
ਜ਼ਿਕਰਯੋਗ ਹੈ ਕਿ ਨਾਰਥ ਖੇਤਰ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਆਪਣੇ ਕਾਰਜਕਾਲ ਦੌਰਾਨ 4.93 ਕਰੋੜ ਦੀ ਲਾਗਤ ਨਾਲ ਇਸ ਖੇਤਰ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟਾਰਮ ਵਾਟਰ ਸੀਵਰ ਪਾਉਣ ਦਾ ਪ੍ਰਾਜੈਕਟ ਤਿਆਰ ਕਰਵਾਇਆ ਸੀ, ਜਿਸ ਤਹਿਤ ਪ੍ਰੀਤ ਨਗਰ ਤੋਂ ਲੈ ਕੇ ਭਗਤ ਸਿੰਘ ਕਾਲੋਨੀ ਤਕ ਪਾਈਪ ਲਾਈਨਾਂ ਪਾਈਆਂ ਜਾਣੀਆਂ ਸਨ ਅਤੇ ਇਕ ਪੰਪਿੰਗ ਸਟੇਸ਼ਨ ਬਣਾ ਕੇ ਬਰਸਾਤੀ ਪਾਣੀ ਨਾਲੇ ਵਿਚ ਪਾਇਆ ਜਾਣਾ ਸੀ। ਪੰਪਿੰਗ ਸਟੇਸ਼ਨ ਲਈ ਜ਼ਮੀਨ ਵੀ ਐਕਵਾਇਰ ਕਰ ਲਈ ਗਈ ਸੀ ਅਤੇ ਪ੍ਰੀਤ ਨਗਰ ਵਿਚ ਕੰਮ ਸ਼ੁਰੂ ਹੋਣ ਵਾਲਾ ਸੀ ਪਰ ਇਸ ਦੌਰਾਨ ਪੰਜਾਬ ਵਿਚ ਸਰਕਾਰ ਬਦਲ ਗਈ।
ਕੇ. ਡੀ. ਭੰਡਾਰੀ ਦੀ ਥਾਂ 'ਤੇ ਖੇਤਰ ਦੇ ਵਿਧਾਇਕ ਬਣੇ ਬਾਵਾ ਹੈਨਰੀ ਨੇ ਪਿਛਲੇ ਪ੍ਰਾਜੈਕਟ ਨੂੰ ਰੱਦ ਕਰ ਕੇ ਨਵਾਂ ਪ੍ਰਾਜੈਕਟ ਤਿਆਰ ਕਰਵਾਇਆ ਜਿਸ ਦੇ ਤਹਿਤ ਬਰਸਾਤੀ ਪਾਣੀ ਦੀ ਨਿਕਾਸੀ ਦਾ ਪਾਈਪ ਰਾਮ ਨਗਰ ਖੇਤਰ ਦੇ ਅਧੀਨ ਪੈਂਦੇ ਡਿਸਪੋਜ਼ਲ ਤਕ ਜਾਣਾ ਸੀ।
ਹੁਣ ਪਤਾ ਲੱਗਾ ਹੈ ਕਿ ਇਸ ਪ੍ਰਾਜੈਕਟ ਨੂੰ ਸਮਾਰਟ ਸਿਟੀ ਦੇ ਖਾਤੇ ਵਿਚ ਪਾਉਣ ਦੀ ਤਿਆਰੀ ਹੋ ਰਹੀ ਹੈ ਜਿਸ ਦੀ ਪੁਸ਼ਟੀ ਨਿਗਮ ਦੇ ਐੱਸ. ਈ. ਕਿਸ਼ੋਰ ਬਾਂਸਲ ਨੇ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਲਈ ਡੀ. ਪੀ. ਆਰ. ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਤੇ ਬਾਅਦ ਵਿਚ ਕਈ ਹੋਰ ਰਸਮਾਂ ਨੂੰ ਪੂਰਾ ਕਰਨਾ ਹੋਵੇਗਾ। ਸਮਾਰਟ ਸਿਟੀ ਨੂੰ ਐਲਾਨ ਹੋਏ ਕਰੀਬ 3 ਸਾਲ ਹੋ ਚੁੱਕੇ ਹਨ ਪਰ ਹੁਣ ਤਕ ਸ਼ਹਿਰ ਵਿਚ ਸਮਾਰਟ ਸਿਟੀ ਦੇ ਨਾਂ 'ਤੇ ਇਕ ਵੀ ਇੱਟ ਨਹੀਂ ਲੱਗੀ। ਸਾਲਾਂ ਪਹਿਲਾਂ ਬਣੇ ਡੀ. ਪੀ. ਆਰ. 'ਤੇ ਵੀ ਅਜੇ ਫਾਈਲ ਵਰਕ ਚੱਲ ਰਿਹਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਨਵੇਂ ਪਾਏ ਜਾਣ ਵਾਲੇ ਪ੍ਰਾਜੈਕਟ ਪੂਰਾ ਹੋਣ ਵਿਚ ਕਾਫੀ ਸਮਾਂ ਲੈ ਸਕਦੇ ਹਨ।

© 2016 News Track Live - ALL RIGHTS RESERVED