ਝੋਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਰਵਪੱਖੀ ਕੀਟ,ਖਾਦ ਅਤੇ ਬਿਮਾਰੀ ਪ੍ਰਬੰਧ ਅਪਨਾਉਣ ਦੀ ਜ਼ਰੂਰਤ : ਡਾ ਅਮਰੀਕ ਸਿੰਘ

Jun 27 2018 01:01 PM
ਝੋਨੇ ਦੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਰਵਪੱਖੀ ਕੀਟ,ਖਾਦ ਅਤੇ ਬਿਮਾਰੀ ਪ੍ਰਬੰਧ ਅਪਨਾਉਣ ਦੀ ਜ਼ਰੂਰਤ : ਡਾ ਅਮਰੀਕ ਸਿੰਘ


ਪਠਾਨਕੋਟ
ਝੋਨੇ ਅਤੇ ਬਾਸਮਤੀ ਦੀ ਫਸਲ ਉੱਪਰ ਕੀਟਨਾਸ਼ਕਾਂ ਦੀ ਵਰਤੋਂ ਤੋਂ ਵਧੇਰੇ ਸਾਰਥਿਕ ਨਤੀਜੇ ਲੈਣ ਲਈ ਕੀਟਨਾਸ਼ਕਾਂ ਦੀ ਸਹੀ ਮਾਤਰਾ ਅਤੇ ਸਹੀ ਛਿੜਕਾਅ ਤਕਨੀਕ ਅਪਨਾਉਣੀ ਚਾਹੀਦੀ ਹੈ ਤਾਂ ਜੋ ਅੰਨੇਵਾਹ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾਇਆ ਜਾ ਸਕੇ।ਇਹ ਵਿਚਾਰ ਡਾ: ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ: ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ  ਹੇਠ ਬਲਾਕ ਪਠਾਨਕੋਟ ਦੇ ਪਿੰਡ ਗੁੱਲਪੁਰ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਗਾਂਹ ਵਧੂ ਕਿਸਾਨ ਰਾਕੇਸ਼ ਕੁਮਾਰ ਸ਼ਰਮਾ ਦੇ ਫਾਰਮ ਤੇ ਕਿਸਾਨਾਂ ਨੂੰ ਕੀੜਿਆਂ ਦੀ ਰੋਕਥਾਮ ਲਈ ਬਹੁਪੱਖੀ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਕਹੇ।ਇਸ ਮੌਕੇ ਉਨਾਂ ਦੇ ਨਾਲ ਸ਼੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਗੁਰਪ੍ਰੀਤ ਸਿੰਘ ਬਲਾਕ ਟੈਕਨਾਲੋਜੀ ਮੈਨੇਜ਼ਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ ਮੌਜੂਦ ਸਨ। ਕਿਸਾਨਾਂ ਨੂੰ ਸੰਬੋਧਨ ਕਰਦਿਆਂ  ਡਾ ਅਮਰੀਕ ਸਿੰਘ ਨੇ ਕਿਹਾ ਕਿ ਆਮ ਕਰਕੇ ਕਣਕ ਦੀ ਫਸਲ ਨੂੰ 55 ਡੀ ਏ ਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ, ਜਿਸ ਦਾ 20-25% ਹਿੱਸਾ ਕਣਕ ਦੀ ਫਸਲ ਲੈਂਦੀ ਹੈ ਜਦ ਕਿ ਬਾਕੀ ਹਿੱਸਾ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ।ਉਨਾਂ ਕਿਹਾ ਕਿ ਡੀ ਏ ਪੀ ਦਾ ਬਚਿਆ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂਯੋਗ ਹਾਲਤ ਵਿੱਚ ਆ ਜਾਂਦਾ ਹੈ ਜੋ ਝੋਨੇ ਦੀ ਫਸਲ ਲੈ ਲੈਂਦੀ ਹੈ,ਇਸ ਲਈ ਜੇਕਰ ਕਣਕ ਦੀ ਫਸਲ ਨੂੰ ਡੀ ਏ ਪੀ ਦੀ ਪੂਰੀ ਮਾਤਰਾ ਕਣਕ ਦੀ ਫਸਲ ਨੂੰ ਪਾਈ ਗਈ ਹੈ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੁਰਤ ਨਹੀਂ ਹੈ।ਉਨਾਂ ਨੇ ਕਿਹਾ ਕਿ  ਝੋਨੇ ਦੀ ਫਸਲ ਨੂੰ 20 ਕਿਲੋ ਜਿੰਕ ਸਲਫੇਟ 33% ਮੋਨੋਹਾਈਡਰੇਟ ਜਾਂ 15 ਕਿਲੋ ਜਿੰਕ ਸਲਫੇਟ 21% ਹੈਪਟਾਹਾਈਡਰੇਟ ਪ੍ਰਤੀ ਏਕੜ ਕੱਦੂ ਕਰਨ ਤੋਂ ਪਹਿਲਾਂ ਛੱਟਾ ਦੇ ਕੇ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਨਦੀਨਾਂ ਦੀ ਰੋਕਥਾਮ ਲਈ ਸਰਵਪੱਖੀ ਢੰਗਾਂ ਨੂੰ ਅਪਨਾ ਕੇ ਹੀ ਨਦੀਨਾਂ ਦੀ ਘਣਤਾ ਨੂੰ ਇਸ ਪੱਧਰ ਤੱਕ ਘੱਟ ਕੀਤਾ ਜਾ ਸਕਦਾ ਹੈ ਕਿ ਉਨਾਂ ਦੀ ਰੋਕਥਾਮ ਸੌਖੀ ਹੋ ਸਕੇ,ਅਗਲੀਆਂ ਫਸਲਾਂ ਵਿੱਚ ਨਦੀਨਾਂ ਦੀ ਸਮੱਸਿਆ ਨੂੰ ਘਟਾਇਆ ਜਾ ਸਕੇ ਅਤੇ ਨਦੀਨਨਾਸਕਾਂ ਦੀ ਵਰਤੋਂ ਨੂੰ ਘੱਟ ਕੀਤਾ ਜਾ ਸਕੇ। ਉਨਾਂ ਕਿਹਾ ਕਿ ਬਾਸਮਤੀ ਦੀ ਫਸਲ ਨੂੰ ਰੋਗ ਮੁਕਤ ਰੱਖਣ ਲਈ ਪਨੀਰੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆ ਜੜਾਂ ਨੂੰ ਸੋਧ ਲੈਣਾ ਚਾਹੀਦਾ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਦ ਕਦੇ ਕਿਸੇ ਵੀ ਫਸਲ ਉਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਨਾਲ-ਨਾਲ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

© 2016 News Track Live - ALL RIGHTS RESERVED