ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਵਿਸ਼ੇਸ਼ ਕਿਸਾਨ ਬਾਜ਼ਾਰ ਲਗਾਇਆ ਗਿਆ

Jan 15 2019 03:08 PM
ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਵਿਸ਼ੇਸ਼ ਕਿਸਾਨ ਬਾਜ਼ਾਰ ਲਗਾਇਆ ਗਿਆ


ਪਠਾਨਕੋਟ
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ਹਿਰ ਦੇ ਖਪਤਕਾਰਾਂ ਨੂੰ ਸ਼ੁੱਧ ਖੇਤੀ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲੋਹੜੀ ਦੇ ਤਿਉਹਾਰ 'ਤੇ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਕਿਸਾਨ ਬਾਜ਼ਾਰ ਲਗਾਇਆ ਗਿਆ। ਜਿਸ ਦਾ ਉਦਘਾਟਨ ਡਾ ਪਰਮਿੰਦਰ ਸਿੰਘ ਸੰਯੁਕਤ ਨਿਰਦੇਸ਼ਕ (ਨਕਦੀ ਫਸਲਾਂ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਕੀਤਾ। ਇਸ ਮੌਕੇ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਸ਼੍ਰੀ ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਜਤਿੰਦਰ ਕੁਮਾਰ ਖੇਤੀ ਵਿਸਥਾਰ ਅਫਸਰ, ਲਵ ਕੁਮਾਰ ਬਲਾਕ ਟੈਕਨਾਲੋਜੀ ਪ੍ਰਬੰਧਕ, ਬ੍ਰਹਮ ਦਾਸ ਨਿਰਪਜੀਤ  ਉਪ ਨਿਰੀਖਕ , ਸਾਹਿਲ ਮਹਾਜਨ,ਅਰਮਾਨ ਮਹਾਜਨ,ਬਲਵਿੰਦਰ ਕੁਮਾਰ,ਮਨਦੀਪ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ। ਕਿਸਾਨ ਬਾਜ਼ਾਰ ਵਿੱਚ ਲਕਸ਼ਮੀ ਬਾਈ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੇ ਅਨੁਰਾਦਾ ਬਡਵਾਲ ਦੀ ਅਗਵਾਈ ਹੇਠ, ਹੰਸ ਰਾਜ ਨਰਾਇਣਪੁਰ, ਯਸ਼ਪਾਲ ਅਖਵਾਨਾ ਆਦਿ ਨੇ ਸਬਜੀਆਂ,ਫਲ,ਦਾਲਾਂ,ਗੰਨੇ ਦਾ ਜੂਸ, ਗੰਨੇ ਦੇ ਜੂਸ ਦੀ ਖੀਰ, ਸਰੋਂ ਦਾ ਸਾਗ, ਦੇਸੀ ਮੱਕੀ ਦਾ ਆਟਾ, ਸ਼ਹਿਦ, ਖੁੰਬਾਂ, ਅਲਸੀ ਅਤੇ ਸੂਜੀ ਦੀਆਂ ਤਿਆਰ ਪਿੰਨੀਆਂ, ਵੱਖ ਵੱਖ ਖੇਤੀ ਉਤਪਾਦਾਂ ਦੇ ਸਟਾਲ ਲਗਾਏ। 
          ਉਦਘਾਟਨ ਉਪਰੰਤ ਡਾ ਪਰਮਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਭਲਾਈ ਅਤੇ ਖਪਤਕਾਰਾਂ ਦੀ ਬੇਹਤਰੀ ਲਈ ਕੀਤੇ ਇਸ ਉਪਰਾਲੇ ਨਾਲ ਜਿਥੇ ਕਿਸਾਨ ਆਰਥਿਕ ਤੌਰ ਤੇ ਮਜ਼ਬੂਤ ਹੋਣਗੇ ਉਥੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਤਾਜ਼ੀਆਂ ਅਤੇ ਜ਼ਹਿਰ ਮੁਕਤ ਸਬਜ਼ੀਆਂ ਮਿਲ ਸਕਣਗੀਆਂ। ਪੰਜਾਬ ਵਿੱਚ ਕਿਸਾਨ, ਖੇਤੀ ਜਿਨਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ ਪਰ ਮੰਡੀਕਰਨ ਵਿੱਚ ਮੁਹਾਰਤ ਨਾਂ ਹੋਣ ਕਾਰਨ ਉਨਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਖੇਤੀ ਜਿੰਨਸਾਂ ਖਾਸ ਕਰਕੇ ਸਬਜੀਆਂ,ਫਲਾਂ ਦਾ ਮੰਡੀਕਰਨ ਪ੍ਰਵਾਸੀ ਮਜ਼ਦੂਰਾਂ ਦੇ ਹੱਥ ਹੈ। ਉਨਾਂ ਕਿਹਾ ਕਿ ਜੋ ਕੰਮ(ਮਜ਼ਦੂਰੀ) ਪ੍ਰਵਾਸੀ ਮਜ਼ਦੂਰਾਂ ਨੇ ਕਰਨਾ ਸੀ ਉਹ ਕਿਸਾਨ ਕਰ ਰਿਹਾ ਹੈ ਜਦ ਕਿ ਜੋ ਕੰਮ(ਮੰਡੀਕਰਨ) ਕਿਸਾਨ ਨੇ ਕਰਨਾ ਸੀ ਉਹ ਪ੍ਰਵਾਸੀ ਮਜ਼ਦੂਰ ਕਰ ਰਿਹਾ ਹੈ ਅਤੇ ਇਸ ਤਰਾਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਿਵੇਂ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਉਹੀ ਕਿਸਾਨ ਸਫਲ ਹੋ ਸਕਦਾ, ਜੋ ਕਹੀ ਦੇ ਨਾਲ ਨਾਲ ਤੱਕੜੀ ਵੀ ਫੜੇਗਾ। ਡਾ ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਦੁਆਰਾ ਪੈਦਾ ਕੀਤੇ ਖੇਤੀ ਪਦਾਰਥ ਜਿਵੇਂ ਸਬਜ਼ੀਆਂ,ਸ਼ਹਿਦ, ਦਾਲਾਂ, ਗੁੜ, ਦੁੱਧ ਪਦਾਰਥ, ਆਚਾਰ, ਚਟਨੀਆਂ, ਸੁਕੈਸ਼, ਅੰਬ ਪਾਪੜ ਆਦਿ ਨੂੰ ਕਿਸਾਨ ਖੁਦ ਖਪਤਕਾਰਾਂ ਨੂੰ ਵੇਚਣ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਖਪਤਕਾਰਾਂ ਨੂੰ ਵਾਜ਼ਬ ਭਾਅ ਤੇ ਮਿਆਰੀ ਖੇਤੀ ਪਦਾਰਥ ਮੁਹੱਈਆ ਕਰਵਾਏ ਜਾ ਸਕਣ। ਉਨਾਂ ਕਿਹਾ ਕਿ ਹਰੇਕ ਕਿਸਾਨੀ ਪਰਿਵਾਰ ਖਾਸ ਕਰਕੇ ਸਬਜੀ ਉਤਪਾਦਕ ਪਰਿਵਾਰ ਵਿੱਚ, ਇੱਕ ਮੈਂਬਰ ਨੂੰ ਮੰਡੀਕਰਨ ਦਾ ਕੰਮ ਸਾਂਭਣਾ ਚਾਹੀਦਾ। ਸਬਜੀ ਉਤਪਾਦਕਾਂ ਨੂੰ ਸਿਰਫ ਇੱਕ ਸਬਜੀ ਦੀ ਕਾਸਤ ਕਰਨ ਦੀ ਬਿਜਾਏ ਖੇਤ ਨੂੰ ਵੰਡ ਕੇ ਮੰੋਸਮ ਅਨੁਸਾਰ ਹਰੇਕ ਤਰਾਂ ਦੀ ਸਬਜੀ ਕਾਸ਼ਤ ਕਰਨੀ ਚਾਹੀਦੀ ਤਾਂ ਜੋ ਕਿਸੇ ਇੱਕ ਫਸਲ ਦੇ ਫੇਲ ਜਾਂ ਮੁੱਲ ਘੱਟ ਮਿਲਣ ਤੇ ਦੂਜੀ ਸਬਜੀ ਦੀ ਫਸਲ ਭਰਪਾਈ ਕਰ ਸਕੇ। ਖੁੰਭ ਉਤਪਾਦਕ ਯਸ਼ਪਾਲ ਅਖਵਾਨਾ ਨੇ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਜ਼ਿਲੇ ਦੀ ਛੋਟੀ ਕਿਸਾਨੀ ਖਾਸ ਕਰਕੇ ਸਬਜ਼ੀ,ਦਾਲਾਂ,ਗੁੜ ਉਤਪਾਦਕਾਂ ਲਈ ਬਹੁਤ ਫਾਇਦੇਮੰਦ ਸਿੱਧ ਹੋਇਆ ਹੈ ਕਿਉਂਕਿ ਪਹਿਲਾਂ ਮੰਡੀ ਵਿੱਚ ਕਿਸਾਨ ਨੂੰ ਖੇਤੀ ਉਪਜ ਦਾ ਬਹੁਤ ਘੱਟ ਰੇਟ ਮਿਲਦਾ ਸੀ ਜਿਸ ਨਾਲ ਕਿਸਾਨ ਦੀ ਖੇਤੀ ਆਮਦਨ ਘਟ ਜਾਂਦੀ ਸੀ।
   

© 2016 News Track Live - ALL RIGHTS RESERVED