ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਨੂੰ ਦੋ ਲੱਖ ਦੀ ਗਰਾਂਟ

Dec 08 2018 02:25 PM
ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡ ਨੂੰ ਦੋ ਲੱਖ ਦੀ ਗਰਾਂਟ

ਚੰਡੀਗੜ੍ਹ:

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਾਲੇ ਪਿੰਡਾਂ ਨੂੰ ਇਨਾਮ ਵਜੋਂ ਸਰਕਾਰ ਵੱਲੋਂ ਦੋ-ਦੋ ਲੱਖ ਦੀਆਂ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਦਭਾਵਨਾ ਤੇ ਪਿਆਰ ਭਰੇ ਮਾਹੌਲ ਸਮੇਤ ਪਾਰਟੀ ਤੇ ਧੜੇਬੰਦੀ ਤੋਂ ਉਪਰ ਉਠ ਕੇ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਇਹ ਚੋਣਾਂ ਨਸ਼ਾ ਮੁਕਤ ਰੱਖਣ ’ਤੇ ਵੀ ਜ਼ੋਰ ਦਿੱਤਾ।
ਮੰਤਰੀ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ, ਜਿਸ ਕਰਕੇ ਸਰਬ ਸੰਮਤੀ ਚੋਣ ਕਰਕੇ ਲੋਕ ਸਦਭਾਵਨਾ ਤੇ ਏਕੇ ਦਾ ਸਬੂਤ ਦੇਣ। ਮੰਤਰੀ ਨੇ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਡੰਮੀ ਉਮੀਦਵਾਰ ਬਣਨ ਦੀ ਬਜਾਏ, ਸਰਗਰਮ ਭੂਮਿਕਾ ਨਿਭਾਉਣ ਤਾਂ ਜੋ ਇਨ੍ਹਾਂ ਚੋਣਾਂ ਦੌਰਾਨ ਮਹਿਲਾਵਾਂ ਲਈ ਪਹਿਲੀ ਵਾਰ ਕੀਤੇ ਗਏ ਪੰਜਾਹ ਫੀਸਦੀ ਰਾਖਵੇਂਕਰਨ ਦਾ ਅਸਲ ਮਨੋਰਥ ਪੂਰਾ ਹੋ ਸਕੇ।
ਬਾਜਵਾ ਨੇ ਕਿਹਾ ਕਿ ਮਹਿਲਾਵਾਂ ਸਰਪੰਚ ਤੇ ਪੰਚ ਤਾਂ ਬਣ ਜਾਂਦੀਆਂ ਹਨ ਪਰ ਹਕੀਕਤ ਵਿਚ ਉਨ੍ਹਾਂ ਦੇ ਅਜਿਹੇ ਅਧਿਕਾਰਾਂ ਦੀ ਵਰਤੋਂ ਉਨ੍ਹਾਂ ਦੇ ਪਤੀ ਜਾਂ ਪੁੱਤ ਹੀ ਕਰਦੇ ਹਨ। ਇਸ ਕਰਕੇ ਉਹ ਮਹਿਲਾਵਾਂ ਹੀ ਚੋਣਾਂ ਵਿੱਚ ਅੱਗੇ ਆਉਣ, ਜੋ ਜਿੱਤਣ ਮਗਰੋਂ ਆਪਣੇ ਅਧਿਕਾਰਾਂ ਦੀ ਵਰਤੋਂ ਖੁਦ ਕਰਨ ਦੀ ਸਮਰੱਥਾ ਰੱਖਦੀਆਂ ਹੋਣ।

© 2016 News Track Live - ALL RIGHTS RESERVED