ਲੀਡਰ ਆਪਣੀਆਂ ਕਾਰਾਂ ਨੂੰ ਬਖ਼ਤਰਬੰਦ ਬਣਾਉਣ ਲਈ 40-40 ਲੱਖ ਰੁਪਏ ਤਕ ਖਰਚ ਰਹੇ

ਲੀਡਰ ਆਪਣੀਆਂ ਕਾਰਾਂ ਨੂੰ ਬਖ਼ਤਰਬੰਦ ਬਣਾਉਣ ਲਈ 40-40 ਲੱਖ ਰੁਪਏ ਤਕ ਖਰਚ ਰਹੇ

ਚੰਡੀਗੜ੍ਹ:

ਪਿੱਛੇ ਜਿਹੇ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਨੇ ਵੀ ਬੁਲੇਟ ਪਰੂਫ ਐਸਯੂਵੀ ਹਾਸਲ ਕਰ ਲਈ ਹੈ। ਲੋਕਾਂ ਲਈ ਕੰਮ ਕਰਨ ਵਾਲੇ ਹੁਣ ਜਨਤਾ ਵਿੱਚ ਜਾਣ ਤੋਂ ਹੀ ਭੈਅ ਆਉਂਦਾ ਜਾਪਦਾ ਹੈ, ਇਸ ਲਈ ਉਹ ਧੜਾ-ਧੜ ਆਪਣੀਆਂ ਕਾਰਾਂ ਨੂੰ ਬੁਲੇਟ ਪਰੂਫ ਕਰਵਾ ਰਹੇ ਹਨ। ਲੀਡਰਾਂ ਦੇ ਡਰ ਨੇ ਵਾਹਨਾਂ 'ਤੇ ਸੁਰੱਖਿਆ ਉਪਕਰਨ ਲਾਉਣ ਵਾਲੀਆਂ ਕੰਪਨੀਆਂ ਦੇ ਵਾਰੇ ਨਿਆਰੇ ਕੀਤੇ ਪਏ ਹਨ। ਇਸੇ ਡਰ ਕਾਰਨ ਲੀਡਰ ਆਪਣੀਆਂ ਕਾਰਾਂ ਨੂੰ ਬਖ਼ਤਰਬੰਦ ਬਣਾਉਣ ਲਈ 40-40 ਲੱਖ ਰੁਪਏ ਤਕ ਖਰਚ ਰਹੇ ਹਨ। ਹਾਲਾਂਕਿ, ਅਜਿਹੇ ਲੀਡਰਾਂ ਵਿੱਚ ਪੰਜਾਬ ਦੇ ਕਾਫੀ ਘੱਟ ਹਨ, ਪਰ ਲੀਡਰਾਂ ਨੂੰ ਡਰਨੋਂ ਬਚਣ ਦਾ 'ਆਈਡੀਆ' ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇਪੀਐਸ ਗਿੱਲ ਨੇ ਸੁਝਾਇਆ।
ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਲੱਗਰ ਇੰਡਸਟ੍ਰੀਜ਼ ਦੇ ਕਾਮੇ ਨੇਤਾਵਾਂ ਲਈ ਬੁਲੇਟ ਪਰੂਫ ਗੱਡੀਆਂ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। ਕੰਪਨੀ ਦੇ ਨਿਰਦੇਸ਼ਕ ਸੰਚਿਤ ਸੋਬਤੀ ਨੇ ਦੱਸਿਆ ਕਿ ਪੰਜਾਬ ਵਿੱਚ ਅੱਤਵਾਦ ਦੌਰਾਨ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨੇ ਬਖ਼ਤਰਬੰਦ ਵਾਹਨਾਂ ਬਾਰੇ ਸਭ ਤੋਂ ਪਹਿਲਾਂ ਸੋਚਿਆ ਸੀ। ਉਦੋਂ ਉਹ ਸਟੀਲ ਦੇ ਕਾਰੋਬਾਰ ਵਿੱਚ ਸਨ। ਗਿੱਲ ਦੇ ਸੁਝਾਅ ਤੋਂ ਪ੍ਰੇਰਿਤ ਹੋ ਕੇ ਲੱਗਰ ਇੰਡਸਟਰੀ ਨੇ ਬੁਲੇਟ ਪਰੂਫ ਵਾਹਨ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਵਿਦੇਸ਼ਾਂ ਵਿੱਚ ਵੀ ਭੇਜੇ ਜਾਂਦੇ ਹਨ।
ਸੰਚਿਤ ਸੋਬਤੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਜੰਮੂ ਤੇ ਕਸ਼ਮੀਰ ਦੇ ਦੋ ਦਰਜਨ ਤੋਂ ਵੱਧ ਨੇਤਾ ਉਨ੍ਹਾਂ ਤੋਂ ਬਖ਼ਤਰਬੰਦ ਗੱਡੀਆਂ ਤਿਆਰ ਕਰਵਾ ਰਹੇ ਹਨ। ਉਨ੍ਹਾਂ ਕੋਲ ਹਰਿਆਣਾ, ਰਾਜਸਥਾਨ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਆਂਧਰ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਵੀ ਆਰਡਰ ਹਨ। ਉਨ੍ਹਾਂ ਦੀ ਕੰਪਨੀ ਇੱਕ ਐਸਯੂਵੀ ਨੂੰ 40 ਲੱਖ ਰੁਪਏ ਵਿੱਚ ਪੂਰੀ ਤਰ੍ਹਾਂ ਬਖ਼ਤਰਬੰਦ ਕਰ ਦਿੰਦੀ ਹੈ।
ਕੋਈ ਵੀ ਵਿਅਕਤੀ ਆਪਣੀ ਕਾਰ ਨੂੰ ਬੁਲੇਟ ਪਰੂਫ ਕਰ ਸਕਦਾ ਹੈ, ਸ਼ਰਤ ਹੈ ਕਾਰ ਉਸੇ ਵਿਅਕਤੀ ਦੇ ਨਾਂ 'ਤੇ ਰਜਿਸਟਰ ਹੋਵੇ। ਕਾਰ ਵਿੱਚ ਕੀ-ਕੀ ਬੁਲੇਟ ਪਰੂਫ ਕਰਵਾਉਣਾ ਹੈ, ਇਸ ਦੇ ਹਿਸਾਬ ਨਾਲ ਹੀ ਉਸ ਦੀ ਖਰਚਾ ਬਣਦਾ ਹੈ। ਸਾਰੇ ਸ਼ੀਸ਼ਿਆਂ ਤੇ ਦਰਵਾਜ਼ਿਆਂ ਨੂੰ ਬਖ਼ਤਰਬੰਦ ਬਣਵਾਉਣ ਲਈ 15-20 ਲੱਖ ਰੁਪਏ ਖਰਚ ਹੁੰਦੇ ਹਨ, ਹਾਲਾਂਕਿ ਛੇ ਲੱਖ ਰੁਪਏ ਵਿੱਚ ਕੁਝ ਸ਼ੀਸ਼ੇ ਗੋਲ਼ੀਆਂ ਰੋਕਣ ਦੇ ਸਮਰੱਥ ਵੀ ਬਣਾ ਦਿੱਤੇ ਜਾਂਦੇ ਹਨ।
ਕੰਪਨੀ ਗੱਡੀ ਤੇ ਮਾਲਕ ਦੇ ਵੇਰਵੇ ਸੁਰੱਖਿਆ ਏਜੰਸੀਆਂ ਨਾਲ ਵੀ ਸਾਂਝੇ ਕਰਦੀ ਹੈ ਤਾਂ ਜੋ ਬਖ਼ਤਰਬੰਦ ਗੱਡੀ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਨਾ ਹੋਵੇ। ਚੋਣਾਂ ਕਰਕੇ ਕੰਪਨੀ ਦਿਨ-ਰਾਤ ਕੰਮ ਕਰ ਰਹੀ ਹੈ ਤਾਂ ਜੋ ਤੈਅ ਸਮੇਂ ਵਿੱਚ ਆਰਡਰ ਦਿੱਤੇ ਜਾ ਸਕਣ।

© 2016 News Track Live - ALL RIGHTS RESERVED