ਇਸ ਸਾਲ ਪੰਜਾਬ ਵਿੱਚ ਦੁੱਗਣੇ ਤੋਂ ਵੱਧ ਮੀਂਹ

Feb 11 2019 03:00 PM
ਇਸ ਸਾਲ ਪੰਜਾਬ ਵਿੱਚ ਦੁੱਗਣੇ ਤੋਂ ਵੱਧ ਮੀਂਹ

ਚੰਡੀਗੜ੍ਹ:

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਵਿੱਚ ਦੁੱਗਣੇ ਤੋਂ ਵੱਧ ਮੀਂਹ ਪੈ ਚੁੱਕਿਆ ਹੈ। ਪਹਿਲੀ ਜਨਵਰੀ 2018 ਤੋਂ ਲੈ ਕੇ 10 ਫਰਵਰੀ ਤਕ ਪੰਜਾਬ ਵਿੱਚ 31.7 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਸੀ ਜੋ ਸਾਲ 2019 'ਚ ਇਸੇ ਵਕਫੇ ਦੌਰਾਨ 64.2 ਮਿਲੀਮੀਟਰ ਮੀਂਹ ਪੈ ਚੁੱਕਿਆ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਬਾਰਸ਼ ਦੀ ਮਾਤਰਾ ਵਿੱਚ ਇਹ ਵਾਧਾ 102 ਫ਼ੀਸਦ ਜ਼ਿਆਦਾ ਹੈ।
ਅੰਕੜਿਆਂ ਮੁਤਾਬਕ ਗੁਆਂਢੀ ਸੂਬੇ ਜੰਮੂ ਤੇ ਕਸ਼ਮੀਰ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਨਾਲੋਂ ਪੰਜਾਬ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ, ਜਦਕਿ ਉੱਤਰ ਭਾਰਤ 'ਚ ਹਰਿਆਣਾ ਵਿੱਚ ਸਭ ਤੋਂ ਘੱਟ ਤਿੰਨ ਫ਼ੀਸਦ ਵੱਧ ਮੀਂਹ ਹੀ ਦਰਜ ਕੀਤਾ ਗਿਆ ਹੈ। ਇਸ ਵਾਰ ਪਏ ਵਾਧੂ ਮੀਂਹ ਨੇ ਫਸਲਾਂ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਇਆ ਹੈ। ਉੱਧਰ, ਸੂਬੇ ਦੇ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਆਮ ਨਾਲੋਂ ਵੱਧ ਹੋ ਚੁੱਕਿਆ ਹੈ।
ਪੰਜਾਬ ਦੇ ਪੂਰਬੀ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 294 ਫ਼ੀਸਦ ਵਾਧੂ ਮੀਂਹ ਪਿਆ, ਇਸ ਤੋਂ ਬਾਅਦ ਕਪੂਰਥਲਾ 'ਚ 244%, ਲੁਧਿਆਣਾ 'ਚ 172% ਤੇ ਜਲੰਧਰ ਵਿੱਚ 136% ਵਾਧੂ ਬਾਰਸ਼ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਿਆਲਾਂ ਦਾ ਮੀਂਹ ਕਿਸਾਨਾਂ ਲਈ ਲਾਹੇਵੰਦ ਹੋ ਸਕਦਾ ਹੈ ਪਰ ਦੁੱਗਣੇ ਤੋਂ ਵੱਧ ਮਾਤਰਾ ਵਿੱਚ ਪਿਆ ਮੀਂਹ ਖੇਤੀ ਲਈ ਖ਼ਤਰੇ ਦੀ ਘੰਟੀ ਹੈ। ਹਾੜ੍ਹੀ ਦੀਆਂ ਫ਼ਸਲਾਂ ਤੇ ਸਬਜ਼ੀਆਂ ਆਦਿ ਨੂੰ ਪਾਣੀ ਦੀ ਬਹੁਤੀ ਲੋੜ ਵੀ ਨਹੀਂ ਹੁੰਦੀ। ਵਿਭਾਗ ਮੁਤਾਬਕ ਆਉਂਦੇ ਦਿਨਾਂ ਵਿੱਚ ਮੌਸਮ ਸਰਦ ਰਹੇਗਾ, ਜਿਸ ਕਾਰਨ ਖੇਤਾਂ ਵਿੱਚ ਪਹਿਲਾਂ ਤੋਂ ਖੜ੍ਹਾ ਮੀਂਹ ਦਾ ਪਾਣੀ ਵੀ ਉੱਡ ਨਹੀਂ ਸਕੇਗਾ ਤੇ ਨੁਕਸਾਨ ਵੀ ਜ਼ਿਆਦਾ ਹੋਵੇਗਾ।

© 2016 News Track Live - ALL RIGHTS RESERVED