2397 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ

Oct 11 2019 01:22 PM
2397 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ

ਚੰਡੀਗੜ੍ਹ:

ਦਿੱਲੀ ਪੁਲਿਸ ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰੋਮੋਟਰ ਸ਼ਵਿੰਦਰ ਸਿੰਘ ਤੋਂ ਬਾਅਦ ਅੱਜ ਉਸ ਦੇ ਭਰਾ ਮਾਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵੀਰਵਾਰ ਨੂੰ ਸ਼ਵਿੰਦਰ ਸਿੰਘ ਤੇ ਤਿੰਨ ਹੋਰਾਂ ਨੂੰ ਰੈਲੀਗੇਰ ਫਿਨਵੈਸਟ ਲਿਮਟਿਡ (ਆਰਐਫਐਲ) ਨਾਲ 2397 ਕਰੋੜ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਸ਼ਵਿੰਦਰ ਦਾ ਭਰਾ ਮਾਲਵਿੰਦਰ ਫਰਾਰ ਸੀ ਤੇ ਉਸ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਹੋਇਆ ਸੀ। ਅੱਜ ਪੁਲਿਸ ਨੇ ਮਾਲਵਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ।ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਦੋਵਾਂ ਭਰਾਵਾਂ ਤੋਂ ਇਲਾਵਾ ਕਵੀ ਅਰੋੜਾ (48), ਸੁਨੀਲ ਗੋਧਵਾਨੀ (58) ਤੇ ਅਨਿਲ ਸਕਸੈਨਾ ਨੂੰ ਲੋਕਾਂ ਦਾ ਪੈਸਾ ਕਥਿਤ ਹੋਰ ਕੰਪਨੀਆਂ ’ਚ ਨਿਵੇਸ਼ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਗੋਧਵਾਨੀ ਰੈਲੀਗੇਰ ਐਂਟਰਪ੍ਰਾਈਜ਼ਿਜ਼ ਲਿਮਟਿਡ (ਆਰਈਐਲ) ਦਾ ਸਾਬਕਾ ਚੇਅਰਮੈਨ ਤੇ ਪ੍ਰਬੰਧਕੀ ਡਾਇਰੈਕਟਰ ਹੈ ਜਦੋਂਕਿ ਅਰੋੜਾ ਤੇ ਸਕਸੈਨਾ ਆਰਈਐਲ ਤੇ ਆਰਐਫਐਲ ਵਿੱਚ ਅਹਿਮ ਅਹੁਦਿਆਂ ’ਤੇ ਤਾਇਨਾਤ ਸਨ।ਸ਼ਵਿੰਦਰ ਤੇ ਉਸ ਦਾ ਭਰਾ ਮਾਲਵਿੰਦਰ ਆਰਈਐਲ ਦੇ ਪਹਿਲਾਂ ਪ੍ਰੋਮੋਟਰ ਰਹਿ ਚੁੱਕੇ ਹਨ। ਚਾਰਾਂ ਨੂੰ ਵੀਰਵਾਰ ਪੁੱਛਗਿੱਛ ਮਗਰੋਂ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਮਗਰੋਂ ਅੱਜ ਮਾਲਵਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐਫਐਲ) ਨੇ ਸ਼ਿਕਾਇਤ ਵਿੱਚ ਕਿਹਾ ਕਿ ਕੰਪਨੀ ਦਾ ਪ੍ਰਬੰਧ ਚਲਾਉਂਦਿਆਂ ਸ਼ਵਿੰਦਰ ਸਿੰਘ ਨੇ ਕਥਿਤ ਕਰਜ਼ੇ ਲਏ, ਪਰ ਪੈਸਾ ਹੋਰ ਕੰਪਨੀਆਂ ’ਚ ਨਿਵੇਸ਼ ਕੀਤਾ।

 

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED