ਵਿਧਾਇਕਾਂ ਨੂੰ ਵੀ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰਣ ਦਾ ਮੌਕਾ

Feb 18 2019 03:52 PM
ਵਿਧਾਇਕਾਂ ਨੂੰ ਵੀ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰਣ ਦਾ ਮੌਕਾ

ਚੰਡੀਗੜ੍ਹ:

ਕਾਂਗਰਸ ਇਸ ਵਾਰ ਆਪਣੇ ਵਿਧਾਇਕਾਂ ਨੂੰ ਵੀ ਲੋਕ ਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰਣ ਦਾ ਮੌਕਾ ਦੇਵੇਗੀ। ਕਾਂਗਰਸ ਦੇ ਸੱਤ ਵਿਧਾਇਕਾਂ ਤੇ ਇੱਕ ਮੰਤਰੀ ਨੇ ਲੋਕ ਸਭਾ ਚੋਣ ਲੜਨ ਲਈ ਅਰਜ਼ੀ ਦਿੱਤੀ ਹੈ। ਇਸ ਬਾਰੇ ਫੈਸਲਾ ਹਾਈਕਮਾਨ ਕਰੇਗੀ ਪਰ ਪੰਜਾਬ ਕਾਂਗਰਸ ਨੇ ਕਿਸੇ ਵੀ ਵਿਧਾਇਕ ਨੂੰ ਟਿਕਟ ਦੇਣ ਲਈ ਹਰੀ ਝੰਡੀ ਦੇ ਦਿੱਤੀ ਹੈ।
ਸੂਤਰਾਂ ਮੁਤਾਕ ਪੰਜਾਬ ਪ੍ਰਦੇਸ਼ ਕਾਂਗਰਸ ਦੀ ਚੋਣ ਕਮੇਟੀ ਨੇ ਰਵਾਇਤਾਂ ਤੋਂ ਉਲਟ ਐਤਕੀਂ ਸੂਬੇ ਦੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੰਖੇਪ ਸੂਚੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਖਰੀ ਫੈਸਲੇ ਲਈ ਭੇਜਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਐਤਕੀਂ ਕਿਸੇ ਵਿਧਾਇਕ ਦੇ ਚੋਣ ਲੜਨ ’ਤੇ ਵੀ ਪਾਬੰਦੀ ਆਇਦ ਨਹੀਂ ਹੋਵੇਗੀ। ਇਸ ਲਈ ਜਿਨ੍ਹਾਂ ਸੱਤ ਵਿਧਾਇਕਾਂ ਤੇ ਇੱਕ ਮੰਤਰੀ ਨੇ ਅਰਜ਼ੀ ਦਿੱਤੀ ਹੈ, ਉਨ੍ਹਾਂ ਵਿੱਚੋਂ ਵੀ ਕੋਈ ਉਮੀਦਵਾਰ ਬਣ ਸਕਦਾ ਹੈ।ਇਹ ਫੈਸਲਾ ਐਤਵਾਰ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਹੋਈ ਸੂਬਾਈ ਚੋਣ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦਿੱਤੇ ਸੁਝਾਅ ’ਤੇ ਅਮਲ ਕਰਦਿਆਂ ਚੋਣ ਕਮੇਟੀ ਨੇ ਕਾਂਗਰਸ ਪ੍ਰਧਾਨ ਨੂੰ ਉਮੀਦਵਾਰਾਂ ਦਾ ਫੈਸਲਾ ਕਰਨ ਦਾ ਅਧਿਕਾਰ ਦੇਣ ਦੀ ਥਾਂ ਉਮੀਦਵਾਰਾਂ ਦੀ ਸੂਚੀ ਭੇਜਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕਿਸੇ ਪਾਰਟੀ ਨਾਲ ਚੋਣ ਗੱਠਜੋੜ ਦੀ ਲੋੜ ਨਹੀਂ ਹੈ। ਪਾਰਟੀ ਨੂੰ ਸਾਰੇ ਹਲਕਿਆਂ ਵਿੱਚ ਉਹ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ, ਜਿਹੜੇ ਜਿੱਤ ਸਕਦੇ ਹੋਣ। ਉਮੀਦਵਾਰਾਂ ਦੀ ਚੋਣ ਦਾ ਆਧਾਰ ਸਿਰਫ਼ ਜਿੱਤ ਹੋਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਦੱਸਿਆ ਕਿ ਕੁੱਲ 180 ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ। ਉਮੀਦਵਾਰਾਂ ਦੀ ਚੋਣ ਕਰਨ ਲਈ ਸਾਰੇ ਉਮੀਦਵਾਰਾਂ ਦੀ ਸੂਚੀ ਮੈਂਬਰਾਂ ਨੂੰ ਦਿੱਤੀ ਜਾਵੇਗੀ ਤੇ ਉਹ ਜਿਹੜੇ ਨਾਵਾਂ ’ਤੇ ਸਹੀ ਲਾਉਣਗੇ, ਉਨ੍ਹਾਂ ਨੂੰ ਅੱਗੇ ਸਕਰੀਨਿੰਗ ਕਮੇਟੀ ਕੋਲ ਭੇਜਿਆ ਜਾਵੇਗਾ। ਇਹ ਨਾਂ ਅੱਗੇ ਕੇਂਦਰੀ ਚੋਣ ਕਮੇਟੀ ਕੋਲ ਭੇਜੇ ਜਾਣਗੇ।

© 2016 News Track Live - ALL RIGHTS RESERVED