ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਲਈ ਡੇਟਸ਼ੀਟ ਐਲਾਨ

Jan 12 2019 02:57 PM
ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਲਈ ਡੇਟਸ਼ੀਟ ਐਲਾਨ

ਚੰਡੀਗੜ੍ਹ:

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਬੋਰਡ ਦੇ ਇਮਤਿਹਾਨਾਂ ਲਈ ਡੇਟਸ਼ੀਟ ਐਲਾਨ ਦਿੱਤੀ ਹੈ। ਇਸ ਦੇ ਮੁਤਾਬਕ 12ਵੀਂ ਜਮਾਤ ਦੇ ਇਮਤਿਹਾਨ ਪਹਿਲੀ ਮਾਰਚ ਤੋਂ ਲੈ ਕੇ 20 ਮਾਰਚ ਤਕ ਚੱਲਣਗੇ। ਇਸੇ ਤਰ੍ਹਾਂ 10ਵੀਂ ਜਮਾਤ ਦੇ ਇਮਤਿਹਾਨ 15 ਮਾਰਚ ਤੋਂ ਲੈ ਕੇ 2 ਅਪ੍ਰੈਲ ਤਕ ਲਏ ਜਾਣਗੇ।
ਡੇਟਸ਼ੀਟ ਦੇ ਐਲਾਨ ਦੇ ਨਾਲ ਹੀ ਬੋਰਡ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਾਲ ਵੀ ਬੱਚਿਆਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਸਕੂਲਾਂ ਵਿੱਚ ਨਹੀਂ, ਬਲਕਿ 3 ਕਿਲੋਮੀਟਰ ਦੇ ਘੇਰੇ ਅੰਦਰ ਬਾਹਰ ਹੀ ਬਣਾਏ ਜਾਣਗੇ। ਇਹ ਕਦਮ ਨਕਲ ਨੂੰ ਠੱਲ੍ਹ ਪਾਉਣ ਲਈ ਚੁੱਕਿਆ ਗਿਆ ਹੈ।
ਪਿਛਲੇ ਸਾਲ ਵੀ ਬੋਰਡ ਨੇ ਇਸੇ ਤਰ੍ਹਾਂ ਸਕੂਲਾਂ ਤੋਂ 3 ਕਿਲੋਮੀਟਰ ਦੇ ਘੇਰੇ ਅੰਦਰ ਬੱਚਿਆਂ ਦੇ ਪ੍ਰੀਖਿਆ ਕੇਂਦਰ ਬਣਾਉਣ ਦੀ ਹਦਾਇਤ ਜਾਰੀ ਕੀਤੀ ਸੀ। ਇਸ ਦੇ ਬਾਵਜੂਦ ਕਈ ਥਾਈਂ ਨਕਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ। ਇਸ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰੀਖਿਆ ਕੇਂਦਰ ਸਰਕਾਰੀ ਸਕੂਲ ਹੀ ਹੋਣਗੇ।
ਹਾਲਾਂਕਿ ਸਿੱਖਿਆ ਮੰਤਰੀ ਓਪੀ ਸੋਨੀ ਮੁਤਾਬਕ ਕਈ ਸਕੂਲਾਂ ਦੇ ਪ੍ਰਿੰਸੀਪਲ ਨੇ ਇਸ ਕਦਮ ’ਤੇ ਇਤਰਾਜ਼ ਵੀ ਜਤਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਬਾਹਰਲੇ ਪ੍ਰੀਖਿਆ ਕੇਂਦਰਾਂ ਅੰਦਰ ਪੀਣ ਵਾਲੇ ਪਾਣੀ ਤੇ ਸਾਫ਼ ਪਖ਼ਾਨਿਆਂ ਦੀ ਸ਼ਿਕਾਇਤ ਕਰਦੇ ਹਨ।
ਕਈ ਪੇਂਡੂ ਇਲਾਕਿਆਂ ਵਿੱਚ ਇਹ ਥੋੜਾ ਮੁਸ਼ਕਲ ਇਸ ਲਈ ਵੀ ਹੁੰਦਾ ਹੈ ਕਿ ਕਿਉਂਕਿ ਨੇੜਲੇ ਪਿੰਡ ਜ਼ਿਆਦਾ ਦੂਰ ਹੋਣ ਕਾਰਨ ਘੱਟ ਤੋਂ ਘੱਟ 7 ਕਿਲੋਮੀਟਰ ਦੀ ਦੂਰੀ ’ਤੇ ਪ੍ਰੀਖਿਆ ਕੇਂਦਰ ਬਣਦੇ ਹਨ। ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਬੱਚਿਆਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬੋਰਡ ਨੇ ਕਿਹਾ ਸੀ ਕਿ ਪ੍ਰੀਖਿਆ ਕੇਂਦਰ 3 ਕਿਲੋਮੀਟਰ ਦੇ ਘੇਰੇ ਅੰਦਰ ਹੀ ਬਣਾਏ ਜਾਣਗੇ।

 

© 2016 News Track Live - ALL RIGHTS RESERVED