ਹੜ੍ਹਾਂ ਕਾਰਨ ਸੂਬੇ ਨੂੰ 1700 ਕਰੋੜ ਦਾ ਨੁਕਸਾਨ ਹੋਇਆ

Aug 21 2019 02:56 PM
ਹੜ੍ਹਾਂ ਕਾਰਨ ਸੂਬੇ ਨੂੰ 1700 ਕਰੋੜ ਦਾ ਨੁਕਸਾਨ ਹੋਇਆ

ਜਲੰਧਰ:

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਜਾਰੀ ਹੈ। ਬਾਰਸ਼ ਤੇ ਬੰਨ੍ਹਾਂ ਤੋਂ ਪਾਣੀ ਛੱਡਣ ਕਾਰਨ ਕਈ ਜ਼ਿਲ੍ਹਿਆਂ ਵਿੱਚ 200 ਤੋਂ ਵੱਧ ਪਿੰਡਾਂ ਦੀ ਸਥਿਤੀ ਨਾਜ਼ੁਕ ਬਣੀ ਰਹੀ। ਪੰਜਾਬ ਸਰਕਾਰ ਮੁਤਾਬਕ ਹੜ੍ਹਾਂ ਕਾਰਨ ਸੂਬੇ ਨੂੰ 1700 ਕਰੋੜ ਦਾ ਨੁਕਸਾਨ ਹੋਇਆ ਹੈ। ਸਭ ਤੋਂ ਵੱਧ ਨੁਕਸਾਨ ਰੋਪੜ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਤੇ ਫਿਰੋਜ਼ਪੁਰ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਹੋਇਆ ਹੈ। ਹੁਣ ਸਰਕਾਰ ਰਾਹਤ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੇਗੀ।
ਨੁਕਸਾਨ ਦੇ ਅੰਕੜੇ ਇਕੱਠੇ ਕਰਨ ਲਈ 12 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ 7 ਦਿਨਾਂ ਵਿੱਚ ਰਿਪੋਰਟ ਦੇਣਗੀਆਂ। ਮੰਗਲਵਾਰ ਨੂੰ ਪਿੰਡਾਂ ਵਿੱਚ ਪਾਣੀ ਸਿਰਫ 2 ਫੁੱਟ ਤਕ ਘਟਿਆ ਹੈ। ਜਲੰਧਰ ਜ਼ਿਲ੍ਹੇ ਦੇ 100 ਪਿੰਡਾਂ ਵਿੱਚ ਤਕਰੀਬਨ 2 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ। ਬੁੱਧਵਾਰ ਨੂੰ ਫਿਲੌਰ ਤੇ ਸ਼ਾਹਕੋਟ ਅਧੀਨ ਪੈਂਦੇ ਪਿੰਡਾਂ ਵਿੱਚ ਫੌਜ ਹੈਲੀਕਾਪਟਰ ਰਾਹੀਂ ਖਾਣੇ ਦੇ ਪੈਕਿਟ ਸਪਲਾਈ ਕਰੇਗੀ। ਲਗਪਗ 1000 ਲੋਕ ਤਾਇਨਾਤ ਕੀਤੇ ਗਏ ਹਨ।
ਰੋਪੜ-ਅਨੰਦਪੁਰ ਸਾਹਿਬ ਦੇ 50, ਫਿਰੋਜ਼ਪੁਰ ਦੇ 17, ਕਪੂਰਥਲਾ ਦੇ 16 ਪਿੰਡਾਂ ਦੀ ਹਾਲਤ ਨਾਜ਼ੁਕ ਹੈ। ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ ਦੇ ਪਿੰਡਾਂ ਵਿੱਚ ਰਾਹਤ ਕਾਰਜ ਚੱਲ ਰਹੇ ਹਨ। ਕਪੂਰਥਲਾ ਦੇ ਅਕਾਲਟਪੁਰ, ਬਾਊਪੁਰ ਜਦੀਦ, ਬਾਊਪੁਰ ਕਦੀਮ, ਮੰਡ ਭੀਮ ਕਦੀਮ, ਮੁਬਾਰਕਪੁਰ, ਮੰਡ ਬੰਦੂ ਕਦੀਮ, ਮੰਡ ਬੰਦੂ ਜਦੀਦ, ਸਾਂਗਰਾ, ਮੰਡ ਹਜ਼ਾਰਾ, ਮੰਡਲ ਕਰਮੂਵਾਲ, ਭੈਣੀ ਬਹਾਦੁਰ, ਭੈਣੀ ਕਦਰ ਬਖਸ਼, ਮੁਹੰਮਦਾਬਾਦ ਆਦਿ ਪਿੰਡਾਂ ਵਿੱਚ 200 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਲਗਭਗ 300 ਲੋਕ ਅਜੇ ਵੀ ਘਰਾਂ ਵਿੱਚ ਫਸੇ ਹੋਏ ਹਨ।

© 2016 News Track Live - ALL RIGHTS RESERVED