ਕਿਸਾਨਾਂ ਨੂੰ ਆਰਥਿਕ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਪਠਾਨਕੋਟ ਨੌਜਵਾਨ ਕਿਸਾਨ ਕਲੱਬ ਦਾ ਗਠਨ

Jan 18 2019 03:10 PM
ਕਿਸਾਨਾਂ ਨੂੰ ਆਰਥਿਕ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਪਠਾਨਕੋਟ ਨੌਜਵਾਨ ਕਿਸਾਨ ਕਲੱਬ ਦਾ ਗਠਨ



ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਲਾਕ ਪਠਾਨਕੋਟ ਵੱਲੋਂ ਕਿਸਾਨਾਂ ਨੂੰ ਖੇਤੀ ਜਿਨਸਾਂ ਦੀ ਪੈਦਾਵਾਰ ਦੇ ਨਾਲ ਨਾਲ ਮੰਡੀਕਰਨ ਅਤੇ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ 194 ਪਿੰਡਾਂ ਵਿੱਚੋਂ ਆਏ 200 ਤੋਂ ਵੱਧ ਕਿਸਾਨਾਂ ਦੀ ਮੀਟਿੰਗ ਵਿੱਚ ਪਠਾਨਕੋਟ ਨੌਜਵਾਨ ਕਿਸਾਨ ਕਲੱਬ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ । ਇਸ ਮੌਕੇ ਡਾ. ਹਰਿੰਦਰ ਸਿੰਘ ਖੇਤੀਬਾੜੀ ਅਫਸਰ,ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸ਼੍ਰੀ ਸੰਜੀਵ ਸ਼ਰਮਾ ਜਿਲਾ ਵਿਕਾਸ ਪ੍ਰਬੰਧਕ ਨਾਬਾਰਡ,ਸ੍ਰ ਮਨਪ੍ਰੀਤ ਸਿੰਘ ਪ੍ਰਧਾਨ ਪੀ ਏ ਯੂ ਕਿਸਾਨ ਕਲੱਬ ਲੁਧਿਆਣਾ,ਸ਼੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ,ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ,ਡਾ ਹਰਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ,ਗੌਰਵ ਕੁਮਾਰ,ਮੋਹਨ ਸਿੰਘ ਚੱਕ ਨਾਰਾਇਣੀ,ਸੁਰਜੀਤ ਸਿੰਘ ਸਿੰਬਲੀ,ਸ਼੍ਰੀ ਮਤੀ ਰਿਤੂ ਸਿੰਘ,ਮੈਡਮ ਅਨੁਰਾਧਾ ਬਡਵਾਲ,ਸਤਵਿੰਦਰ ਸਿੰਘ,ਗੁਰਜੀਤ ਸਿੰਘ ਐਮਾਂਗੁਜਰਾਂ,ਧਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਮੀਟਿੰਗ ਤੋਂ ਬਾਅਦ ਕਲੱਬ ਦੇ ਆਹਦੇਦਾਰਾਂ ਅਤੇ ਐਗਜੈਕਟਿਵ ਕਮੇਟੀ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਜਿਸ ਤਹਿਤ ਗੌਰਵ ਕੁਮਾਰ ਪ੍ਰਧਾਨ,ਸਟਵਿੰਦਰ ਸਿੰਘ ਉਪ ਪ੍ਰਧਾਨ,ਧਰਮਿੰਦਰ ਸਿੰਘ ਜਨਰਲ ਸਕੱਤਰ,ਰੀਤੂ ਸਿੰਘ ਵਿੱਤ ਸਕੱਤਰ ਚੁਣੇ ਗਏ।ਇਸੇ ਤਰਾਂ ਗੁਰਜੀਤ ਸਿੰਘ,ਮੋਹਨ ਸਿੰਘ ਚੱਕਨਾਰਾਇਣੀ,ਮੁਖਤਾਰ ਸਿੰਘ ਖਦਾਵਰ,ਗੋਪਾਲ ਕ੍ਰਿਸ਼ਣ,ਭਾਰਤ ਭੂਸ਼ਣ ਚੱਕ ਚਿਮਨਾਂ ,ਰਾਕੇਸ਼ ਕੁਮਾਰ ਨਮਾਲਾ ਅਤੇ ਪੂਰਨ ਚੰਦ ਤਾਜਪੁਰ ਨੂੰ ਐਗਜੈਕਟਿਵ ਦੇ ਮੈਂਬਰ ਨਾਮਜ਼ਦ ਕੀਤਾ ਗਿਆ।
        ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ  ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਜੀ ਨੇ ਕਿਹਾ ਕਿ ਕਿਸਾਨ ਕਲੱਬ ਦੇ ਗਠਨ ਕਰਨ ਦਾ ਮੁੱਖ ਮਕਸਦ ਕਿਸਾਨਾਂ ਨੁੰ ਫਸਲਾਂ ਦੀ ਪੈਦਾਵਾਰ,ਮੰਡੀਕਰਨ,ਖੇਤੀ ਸਹਾਇਕ ਕਿੱਤਿਆਂ ,ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਖੇਤੀ ਵਿੱਚ ਆ ਰਹੇ ਬਦਲਾਅ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਉਹ ਤਕਨੀਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਹੋ ਸਕਣ।ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਦੇ ਕਿੱਤੇ ਨੂੰ ਵਿਗਿਆਨਕ ਲੀਹਾਂ ਤੇ ਕਰਨ  ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ ਕਿ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਦੇ ਨਾਲ ਨਾਲ ਮੰਡੀਕਰਨ ਦੇ ਸਿਧਾਤ ਵੀ ਪਹੂੰਚਾਏ ਜਾਣ ਤਾਂ ਜੋ ਉਹ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਣ।ਉਨਾਂ ਸਮੂਹ ਆਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਕਲੱਬ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਰਮਿਆਨ ਇੱਕ ਕੜੀ ਵੱਜੋਂ ਕੰਮ ਕਰੇਗੀ।ਉਨਾਂ ਕਿਹਾ ਕਿ ਜ਼ਿਲੇ ਪਠਾਨਕੋਟ ਵਿੱਚ ਫੌਜ ਦਾ ਹੈੱਡਕੁਆਟਰ ਹੋਣ ਕਾਰਨ ਖੇਤੀ ਜਿਨਸਾਂ ਦੇ ਸਿੱਧੇ ਮੰਡੀਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ ਜਿਸ ਲਈ ਇਹ ਕਲੱਬ ਅਹਿਮ ਭੂਮਿਕਾ ਨਿਭਾਏਗੀ।ਉਨਾਂ ਕਿਸਾਨਾਂ ਅਤੇ ਖਪਤਕਾਰਾਂ ਦੀ ਮੰਗ ਤੇ ਸਥਾਨਕ ਖੇਤੀਬਾੜੀ ਦਫਤਰ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਕਿਸਾਨਾਂ ਦੀ ਹੱਟੀ ਖੋਲਣ ਲਈ ਲੋੜੀਂਦੀ ਜਗਾ ਦੇਣ ਦਾ ਐਲਾਨ ਵੀ ਕੀਤਾ ਤਾਂ ਜੋ ਆਮ ਖਪਤਕਾਰ ਕਿਸਾਨਾਂ ਦੁਆਰਾ ਪੈਦਾ ਕੀਤੀਆਂ ਜੈਵਿਕ ਖੇਤੀ ਜਿਨਸਾਂ ਨੂੰ ਵਾਜ਼ਬ ਭਾਅ ਤੇ ਖ੍ਰੀਦ ਕਰ ਸਕਣ।ਉਨਾਂ ਕਿਹਾ ਕਿ ਖੇਤੀ ਜਿਨਸਾਂ ਦਾ ਸਿੱਧਾ ਮੰਡੀਕਰਨ ਬਹੁਤ ਜ਼ਰੂਰੀ ਹੈ, ਕਿਉਂਕਿ ਖਪਤਕਾਰਾਂ ਨੂੰ ਖੇਤੀ ਉਤਪਾਦ ਮਹਿੰਗੇ ਮਿਲਦੇ ਹਨ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਵਾਜ਼ਬ ਭਾਅ ਨਹੀਂ ਮਿਲਦਾ ,ਜਿਸ ਦਾ ਸਿੱਧਾ ਫਾਇਦਾ ਖਪਤਕਾਰ ਅਤੇ ਕਿਸਾਨ ਵਿਚਾਲੇ ਦੁਕਾਨਦਾਰ ਨੂੰ ਹੋ ਰਿਹਾ ਹੈ।ਮਨਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਡੀ ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਇਕੱਲੇ ਕਿਸਾਨ ਲਈ ਖ੍ਰੀਦ ਕਰਨਾ ਸੌਖਾਲਾ ਕੰਮ ਨਹੀਂ,ਸੋ ਜੇਕਰ 10-15 ਛੋਟੇ ਕਿਸਾਨ ਸਮੂਹ ਬਨਾਉਣ ਉਪਰੰਤ ਖੇਤੀ ਕਰਦੇ ਹਨ ਤਾਂ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ।ਉਨਾਂ ਕਿਸਾਨ ਕਲੱਬ ਦੇ ਗਠਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।ਡਾ ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਝੋਨਾ ਲਾਉਣ ਵਾਲੀ ਮਸ਼ੀਨ ਖ੍ਰੀਦਣਾ ਚਾਹੁੰਦਾ ਹੈ ਤਾਂ ਉਹ 20 ਜਨਵਰੀ ਤੱਕ ਬਿਨੈਪੱਤਰ ਸਥਾਨਕ ਖੇਤੀਬਾੜੀ ਦਫਤਰ ਵਿੱਚ ਦੇ ਸਕਦਾ ਹੈ।ਡਾ ਅਮਰੀਕ ਸਿੰਘ ਨੇ ਮੰਚ ਦਾ ਸੰਚਾਲਣ ਕਰਦਿਆ ਕਿਹਾ ਕਿ ਇਹ ਕਲੱਬ ਨਿਰੋਲ ਗੈਰ ਰਾਜਨੀਤਿਕ ਸੰਘਠਨ ਹੋਵੇਗਾ ਜੋ ਕਿਸਾਨਾਂ ਦੀ ਭਲਾਈ ਲਈ ਕੰਮ ਕਰੇਗਾ।ਸੰਜੀਵ ਸ਼ਰਮਾ ਨੇ ਨਾਬਾਰਡ ਦੁਆਰਾ ਚਲਾਈਆ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਨਵੇਂ ਚੁਣੇ ਗਏ ਪ੍ਰਧਾਨ ਗੌਰਵ ਕੁਮਾਰ ਨੇ ਕਿਹਾ ਕਿ  ਕਲੱਬ ਦੇ ਮੈਂਬਰਾਂ ਦੀ ਹਰੇਕ ਮਹੀਨੇ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਵੱਖ ਵਿਸ਼ਿਆਂ ਨਾਲ ਸੰਬੰਧਤ ਮਾਹਿਰਾਂ ਵੱਲੋਂ ਤਕਨੀਕੀ ਨੁਕਤੇ ਸਾਂਝੇ ਕੀਤੇ ਜਾਇਆ ਕਰਨਗੇ।

© 2016 News Track Live - ALL RIGHTS RESERVED