ਅਗਲੇ ਦੋ-ਤਿੰਨ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋ ਸਕਦੀ

Jul 01 2019 02:41 PM
ਅਗਲੇ ਦੋ-ਤਿੰਨ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋ ਸਕਦੀ

ਨਵੀਂ ਦਿੱਲੀ:

ਪੰਜਾਬ ਨੂੰ ਮੌਨਸੂਨ ਦੀ ਬਾਰਸ਼ ਲਈ ਅਜੇ ਉਡੀਕ ਕਰਨੀ ਪਏਗੀ। ਉਂਝ ਅਗਲੇ ਦੋ-ਤਿੰਨ ਦਿਨਾਂ ਵਿੱਚ ਕੁਝ ਇਲਾਕਿਆਂ ਵਿੱਚ ਪ੍ਰੀ-ਮੌਨਸੂਨ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 30 ਜੂਨ ਤੱਕ ਮੌਨਸੂਨ ਉੱਤਰੀ ਭਾਰਤ ਦੇ ਕੁਝ ਸੂਬਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਚੁੱਕੀ ਹੈ। ਉਧਰ, ਦਿੱਲੀ, ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਅਜੇ ਤੱਕ ਮੌਨਸੂਨ ਦੀ ਆਮਦ ਨਹੀਂ ਹੋਈ।
ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐਮਡੀ) ਨੇ ਆਖਿਆ ਕਿ ਜੂਨ ਮਹੀਨੇ ਮੌਨਸੂਨ ਦੀ ਕਮੀ 33 ਫ਼ੀਸਦ ਸੀ ਤੇ 78 ਫ਼ੀਸਦ ਸਬ ਡਿਵੀਜ਼ਨਾਂ ਵਿੱਚ ਮੀਂਹ ਦੀ ਕਮੀ ਦੇਖੀ ਗਈ ਹੈ। ਹੁਣ ਇਸ ਹਫ਼ਤੇ ਮੌਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ।
ਆਈਐਮਡੀ ਦੇ ਵਧੀਕ ਡਾਇਰੈਕਟਰ ਜਨਰਲ ਮ੍ਰਿਤੰਜਯ ਮਹਾਪਾਤਰਾ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਵਿੱਚ ਬਣ ਰਿਹਾ ਨੀਵਾਂ ਦਬਾਓ ਖੇਤਰ ਉੜੀਸਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਸਮੇਤ ਮੱਧ ਭਾਰਤ ਵਿੱਚ ਮੀਂਹ ਬਰਸਾਏਗਾ। ਹਾਲਾਂਕਿ ਇਸ ਸਦਕਾ ਦਿੱਲੀ, ਪੰਜਾਬ ਤੇ ਹਰਿਆਣਾ ਨੂੰ ਲਾਭ ਨਹੀਂ ਮਿਲ ਪਾਏਗਾ ਤੇ ਇਨ੍ਹਾਂ ਰਾਜਾਂ ਵਿਚ ਮੀਂਹ ਦੇ ਆਸਾਰ ਘੱਟ ਹਨ।
ਉਧਰ, ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈੱਟ ਦੇ ਐਮਡੀ ਜਤਿਨ ਸਿੰਘ ਨੇ ਆਖਿਆ ਕਿ 30 ਜੂਨ ਤੋਂ 15 ਜੁਲਾਈ ਤੱਕ ਮੌਨਸੂਨ ਦੇ ਮਜ਼ਬੂਤ ਹੋਣ ਦੇ ਆਸਾਰ ਹਨ। ਉਨ੍ਹਾਂ ਆਖਿਆ ਕਿ ਬੰਗਾਲ ਦੀ ਖਾੜੀ ਵਿੱਚ ਬਣ ਰਹੇ ਨੀਵੇਂ ਦਬਾਓ ਖੇਤਰ ਸਦਕਾ ਉੜੀਸਾ, ਉੱਤਰੀ ਤੇ ਤਟੀ ਆਂਧਰਾ ਪ੍ਰਦੇਸ਼, ਦੱਖਣੀ ਛੱਤੀਸਗੜ੍ਹ, ਉੱਤਰੀ ਤਿਲੰਗਾਨਾ, ਦੱਖਣੀ ਮੱਧ ਪ੍ਰਦੇਸ਼, ਮਹਾਰਾਸ਼ਟਰ ਦਾ ਵਿਦਰਭ ਤੇ ਮੱਧ ਖੇਤਰ, ਦੱਖਣੀ ਰਾਜਸਥਾਨ ਤੇ ਗੁਜਰਾਤ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

© 2016 News Track Live - ALL RIGHTS RESERVED