20 ਸਾਲਾਂ ਦਰਮਿਆਨ ਚਾਰ ਸੂਬਿਆਂ 'ਚ ਉਨ੍ਹਾਂ ਚਾਰ ਲੱਖ ਬੂਟੇ ਲਾਏ

Jul 15 2019 03:25 PM
20 ਸਾਲਾਂ ਦਰਮਿਆਨ ਚਾਰ ਸੂਬਿਆਂ 'ਚ ਉਨ੍ਹਾਂ ਚਾਰ ਲੱਖ ਬੂਟੇ ਲਾਏ

ਚੰਡੀਗੜ੍ਹ:

ਖਡੂਰ ਸਾਹਿਬ ਸਮੇਤ ਪੰਜਾਬ ਦੇ ਕਈ ਇਤਿਹਾਸਕ ਸਥਾਨਾਂ ਦੀ ਕੁਦਰਤੀ ਰੂਪ ਨਾਲ ਕਾਇਆ ਕਲਪ ਕਰਨ ਵਾਲੇ ਪਦਮਸ਼੍ਰੀ ਬਾਬਾ ਸੇਵਾ ਸਿੰਘ ਦੋ ਦਹਾਕਿਆਂ ਤੋਂ ਲਗਾਤਾਰ ਬੂਟੇ ਲਾ ਰਹੇ ਹਨ। ਉਨ੍ਹਾਂ ਦੀ ਇਸੇ ਮਿਹਨਤ ਦਾ ਨਤੀਜਾ ਹੈ ਕਿ 20 ਸਾਲਾਂ ਦਰਮਿਆਨ ਚਾਰ ਸੂਬਿਆਂ 'ਚ ਉਨ੍ਹਾਂ ਚਾਰ ਲੱਖ ਬੂਟੇ ਲਾਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਰੱਖ਼ਤ ਬਣ ਚੁੱਕੇ ਹਨ। ਬਾਬਾ ਸੇਵਾ ਸਿੰਘ ਪੰਜਾਬ ਦੇ ਘਟਦੇ ਪਾਣੀ ਦੇ ਪੱਧਰ ਤੋਂ ਫਿਕਰਮੰਦ ਹਨ। ਇਸ ਦੇ ਹੱਲ ਵਜੋਂ ਉਨ੍ਹਾਂ ਵਿਸ਼ੇਸ਼ ਮਾਡਲ ਵੀ ਵਿਕਸਤ ਕੀਤਾ ਹੋਇਆ ਹੈ।
ਖਡੂਰ ਸਾਹਿਬ ਨੂੰ ਤਰਨ ਤਾਰਨ, ਜੰਡਿਆਲਾ, ਰਈਆ ਤੇ ਖਿਲਚੀਆਂ ਤੋਂ ਜਾਣ ਵਾਲੀਆਂ ਸੜਕਾਂ 'ਤੇ ਬਾਬਾ ਸੇਵਾ ਸਿੰਘ ਨੇ ਤਕਰੀਬਨ ਸਾਢੇ 25 ਹਜ਼ਾਰ ਦਰੱਖ਼ਤ ਲਾਏ। ਹੁਣ ਉਹ ਬਿਆਸ-ਅੰਮ੍ਰਿਤਸਰ ਕੌਮੀ ਸ਼ਾਹਰਾਹ 'ਤੇ ਵੀ ਦਰੱਖ਼ਤ ਲਾ ਰਹੇ ਹਨ। ਬਾਬਾ ਸੇਵਾ ਸਿੰਘ ਦੇ ਇਸੇ ਵਾਤਾਵਰਨ ਪ੍ਰੇਮ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸਾਲ 2010 ਵਿੱਚ ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ। ਉਨ੍ਹਾਂ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਸੂਬਿਆਂ ਵਿੱਚ ਵੀ ਸੱਦਾ ਦਿੱਤਾ ਗਿਆ ਹੈ।
ਬਾਬਾ ਸੇਵਾ ਸਿੰਘ ਕਹਿੰਦੇ ਹਨ ਕਿ ਬੂਟੇ ਲਾਉਣਾ ਸੌਖਾ ਹੈ ਪਰ ਉਨ੍ਹਾਂ ਦੀ ਸਾਂਭ ਸੰਭਾਲ ਔਖੀ ਹੈ। ਛੋਟੇ ਬੂਟਿਆਂ ਦੀ ਰੱਖਿਆ ਲਈ ਟ੍ਰੀ ਗਾਰਡ ਲਾਉਣੇ ਪੈਂਦੇ ਹਨ, ਜਿਸ 'ਤੇ ਖਰਚਾ ਵੀ ਕਾਫੀ ਹੁੰਦਾ ਹੈ। ਇਸ ਦਾ ਹੱਲ ਕੱਢਣ ਲਈ ਉਨ੍ਹਾਂ ਤਕਰੀਬਨ ਚਾਰ ਏਕੜ ਦੀ ਨਰਸਰੀ ਵਿੱਚ ਇੱਕ ਲੱਖ ਬੂਟਿਆਂ ਦੀ ਪਨੀਰੀ ਲਾਈ ਹੈ। ਜਦ ਬੂਟੇ 4-5 ਫੁੱਟ ਲੰਮੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਸਲ ਥਾਂ 'ਤੇ ਬੀਜਿਆ ਜਾਂਦਾ ਹੈ। ਉਨ੍ਹਾਂ ਇਸ ਕਾਰਜ ਲਈ ਦੋ ਟਰੱਕ, ਪਾਣੀ ਦੇ ਟੈਂਕਰ ਵੀ ਰੱਖੇ ਹੋਏ ਹਨ। ਇਸ ਦੇ ਨਾਲ ਹੀ 20-20 ਕਿਲੋਮੀਟਰ ਤਕ ਸੇਵਾਦਾਰ ਹਰ ਸਮੇਂ ਖੁਰਪੀ ਤੇ ਬਾਲਟੀ ਨਾਲ ਲੈਸ ਰਹਿੰਦੇ ਹਨ।
ਉਨ੍ਹਾਂ ਪੰਜਾਬ ਦੇ ਫ਼ਸਲੀ ਚੱਕਰ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਸੇਵਾ ਸਿੰਘ ਦੱਸਦੇ ਹਨ ਕਿ ਝੋਨੇ ਦੀ ਖੇਤੀ ਲਗਾਤਾਰ ਕਰਨ ਨਾਲ ਧਰਤੀ ਹੇਠਲਾ ਪਾਣੀ ਹੋਰ ਵੀ ਡੂੰਘਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਤੇ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਉਨ੍ਹਾਂ ਖਡੂਰ ਸਾਹਿਬ ਵਿੱਚ ਮਾਡਲ ਬਾਗ਼ ਤਿਆਰ ਕੀਤਾ ਹੈ। ਇਸ ਬਾਗ਼ ਵਿੱਚ ਅੰਬ, ਅਮਰੂਦ, ਲੀਚੀ, ਨਾਸ਼ਪਤੀ, ਆੜੂ, ਚੀਕੂ ਤੇ ਜਾਮਣਾਂ ਦੇ ਦਰੱਖ਼ਤਾਂ ਤੋਂ ਲੈ ਕੇ ਲੌਂਗ, ਇਲਾਇਚੀ, ਦਾਲਚੀਨੀ ਅਤੇ ਧੂਫ ਬਣਾਉਣ ਲਈ ਵਰਤੀ ਜਾਂਦੀ ਗੁੱਗਲ ਦੇ ਬੂਟੇ ਵੀ ਲਾਏ ਹੋਏ ਹਨ। ਇਨ੍ਹਾਂ ਨਾਲ ਕਿਸਾਨ ਆਪਣੀ ਆਮਦਨ ਨੂੰ ਵੀ ਵਧਾ ਸਕਦੇ ਹਨ ਤੇ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਵੀ ਠੱਲ੍ਹ ਪਾ ਸਕਦੇ ਹਨ।

© 2016 News Track Live - ALL RIGHTS RESERVED