ਅਜੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ

Aug 20 2019 03:05 PM
ਅਜੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ

ਚੰਡੀਗੜ੍ਹ:

ਪੰਜਾਬ ਵਿੱਚ ਬੇਸ਼ੱਕ ਬਾਰਸ਼ ਰੁੱਕ ਗਈ ਹੈ, ਪਰ ਅਜੇ ਵੀ ਹੜ੍ਹ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ। ਹਿਮਾਚਲ ਪ੍ਰਦੇਸ਼ ‘ਚ ਬਾਰਸ਼ ਕਰਕੇ ਭਾਖੜਾ ਬੰਨ੍ਹ ਤੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ। ਸੂਬੇ ਦੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿ ਰਹੀਆਂ ਹਨ। ਕਈ ਜ਼ਿਲ੍ਹਿਆਂ ‘ਚ ਹੜ੍ਹ ਦਾ ਪਾਣੀ ਆ ਤਬਾਹੀ ਮੱਚਾ ਚੁੱਕਿਆ ਹੈ। ਵੱਡੀ ਗਿਣਤੀ ‘ਚ ਲੋਕਾਂ ਨੂੰ ਰਾਹਤ ਕੈਂਪ ‘ਚ ਪਹੁੰਚਾਇਆ ਗਿਆ ਹੈ।
ਕਈ ਪਿੰਡਾਂ ‘ਤੇ ਹੋਰ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ। ਭਾਖੜਾ ਡੈਮ ਦਾ ਪਾਣੀ ਪੱਧਰ 1681.23 ਫੁੱਟ ਪਹੁੰਚਣ ਨਾਲ ਹੇਠਲੇ ਖੇਤਰਾਂ ‘ਚ ਹੜ੍ਹ ਦਾ ਖ਼ਤਰਾ ਹੋਰ ਵਧ ਗਿਆ ਹੈ। ਇਸ ਨੂੰ ਵੇਖਦੇ ਹੋਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅੱਜ ਪੰਜਾਬ, ਹਰਿਆਣਾ ਤੇ ਰਾਹਸਥਾਨ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ ਤਾਂ ਜੋ ਇਹ ਫੈਸਲਾ ਲਿਆ ਜਾ ਸਕੇ ਕਿ ਬੰਨ੍ਹ ਤੋਂ ਕਿੰਨਾ ਪਾਣੀ ਛੱਡਣਾ ਹੈ।
ਇਸ ਦੌਰਾਨ ਰੂਪਨਗਰ ‘ਚ ਹੜ੍ਹ ਦਾ ਦੌਰਾ ਕਰਨ ਆਏ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 100 ਕਰੋੜ ਰੁਪਏ ਦੀ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਨੇ ਹੜ੍ਹ ਨੂੰ ਕੁਦਰਤੀ ਆਫਤ ਐਲਾਨ ਦਿੱਤਾ ਹੈ। ਸੂਬੇ ‘ਚ 250 ਘਰ ਖਾਲੀ ਕਰਵਾਏ ਗਏ ਹਨ। ਲੋਕਾਂ ਨੂੰ ਕੈਂਪਾਂ ‘ਚ ਸ਼ਿਫਟ ਕੀਤਾ ਗਿਆ ਹੈ ਤੇ ਸੈਂਕੜੇ ਪਿੰਡਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

© 2016 News Track Live - ALL RIGHTS RESERVED