ਅਨੇਕਾਂ ਸਿੱਖ ਸੰਸਥਾਵਾਂ ਨੇ ਕਸ਼ਮੀਰੀ ਕੁੜੀਆਂ ਦੀ ਹਿਫਾਜ਼ਤ ਕਰਨ ਦਾ ਐਲਾਨ ਕੀਤਾ

Aug 13 2019 03:43 PM
ਅਨੇਕਾਂ ਸਿੱਖ ਸੰਸਥਾਵਾਂ ਨੇ ਕਸ਼ਮੀਰੀ ਕੁੜੀਆਂ ਦੀ ਹਿਫਾਜ਼ਤ ਕਰਨ ਦਾ ਐਲਾਨ ਕੀਤਾ

ਚੰਡੀਗੜ੍ਹ:

ਕਿਸੇ ਵੇਲੇ ਮੁਸਲਿਮ ਧਾੜਵੀਆਂ ਤੋਂ ਹਿੰਦੂ ਧੀਆਂ ਨੂੰ ਬਚਾਉਣ ਵਾਲੇ ਸਿੱਖ ਇਤਿਹਾਸ ਨੂੰ ਦੁਹਰਾਉਂਦਿਆਂ ਕਸ਼ਮੀਰੀ ਕੁੜੀਆਂ ਦੀ ਰਾਖੀ ਲਈ ਡਟ ਗਏ ਹਨ। ਅਨੇਕਾਂ ਸਿੱਖ ਸੰਸਥਾਵਾਂ ਨੇ ਕਸ਼ਮੀਰੀ ਕੁੜੀਆਂ ਦੀ ਹਿਫਾਜ਼ਤ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਕਮੇਟੀ ਵੀ ਇਸ ਮਕਸਦ ਲਈ ਅੱਗੇ ਆਈ ਹੈ। ਸਿੱਖਾਂ ਦੇ ਇਸ ਕਾਰਜ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਦੇ ਤਿੰਨ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ-ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿੱਚ ਪੈਂਦੇ ਉਨ੍ਹਾਂ ਦੇ ਘਰਾਂ ’ਚ ਸੁਰੱਖਿਅਤ ਪਹੁੰਚਾਇਆ ਹੈ। ਸਿੱਖ ਅਜਿਹੇ ਕਾਰਜਾਂ ਨਾਲ ਸੋਸ਼ਲ ਮੀਡੀਆ 'ਤੇ ਹੀਰੋ ਬਣ ਗਏ ਹਨ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ,‘‘ਸਾਡੇ ਕੋਲ ਖ਼ਬਰ ਆਈ ਸੀ ਕਿ ਪੁਣੇ ਤੇ ਹੋਰ ਥਾਵਾਂ ’ਤੇ ਜੰਮੂ-ਕਸ਼ਮੀਰ ਦੀਆਂ 32 ਮੁਟਿਆਰਾਂ ਸਹਿਮ ਦੇ ਮਾਹੌਲ ਵਿੱਚ ਹਨ ਤੇ ਉਹ ਘਰਾਂ ਨੂੰ ਪਰਤਣਾ ਚਾਹੁੰਦੀਆਂ ਹਨ।’’
ਉਨ੍ਹਾਂ ਦੱਸਿਆ ਕਿ 14 ਮੁਟਿਆਰਾਂ ਨੂੰ ਪੁਣੇ ਤੋਂ ਸੜਕ ਮਾਰਗ ਰਾਹੀਂ ਮੁੰਬਈ ਲਿਆਂਦਾ ਗਿਆ ਤੇ 17 ਨੂੰ ਮੁੰਬਈ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ’ਚ ਉਹ ਅਰਮੀਤ ਸਿੰਘ ਖ਼ਾਨਪੁਰੀ (ਪਟੇਲ ਨਗਰ) ਤੇ ਬਲਜੀਤ ਸਿੰਘ ਬੱਬਲੂ (ਯਮੁਨਾਪਾਰ) ਨਾਲ ਮਿਲ ਕੇ ਛੱਡਣ ਲਈ ਗਏ। ਤਿੰਨੇ ਨੌਜਵਾਨਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ 19 ਮੁਟਿਆਰਾਂ ਨੂੰ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ।
ਇਸੇ ਤਰ੍ਹਾਂ ਬੜਗਾਮ ’ਚ 5, ਸ਼ੋਪੀਆਂ ’ਚ 2, ਸ੍ਰੀਨਗਰ ਤੇ ਕੁਪਵਾੜਾ ’ਚ 3-3 ਮੁਟਿਆਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਸ਼ੋਪੀਆਂ ’ਚ ਕੋਈ ਵੀ ਟੈਕਸੀ ਚਾਲਕ ਜਾਣ ਲਈ ਤਿਆਰ ਨਹੀਂ ਸੀ। ਮਿੰਨਤਾਂ ਕਰਨ ’ਤੇ ਬਸ਼ੀਰ ਨਾਂ ਦਾ ਟੈਕਸੀ ਡਰਾਈਵਰ ਜਾਣ ਲਈ ਤਿਆਰ ਹੋਇਆ। ਨੌਜਵਾਨਾਂ ਨੇ ਦੱਸਿਆ ਕਿ ਫ਼ੌਜ ਅਧਿਕਾਰੀ ਏਐਸ ਮਲਿਕ ਤੇ ਹੋਰਾਂ ਨੇ ਇਸ ਕੰਮ ’ਚ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ। ਸਥਾਨਕ ਕਸ਼ਮੀਰੀ ਨਿਵਾਸੀਆਂ ਨੇ ਨੌਜਵਾਨਾਂ ਦੀ ਇਸ ਬਹਾਦਰੀ ਦੀ ਸ਼ਲਾਘਾ ਕੀਤੀ। ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਮਿਸ਼ਨ ’ਚ ਤਿੰਨ ਲੱਖ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਜੋ ਸੰਗਤ ਨੇ ਦਿੱਤਾ ਸੀ।

© 2016 News Track Live - ALL RIGHTS RESERVED