ਸੁਖਬੀਰ ਬਾਦਲ ਪੰਜਾਬੀ ਰੰਗ ਵਿੱਚ ਰੰਗੇ ਨਜ਼ਰ ਆਏ

Jul 09 2019 01:43 PM
ਸੁਖਬੀਰ ਬਾਦਲ ਪੰਜਾਬੀ ਰੰਗ ਵਿੱਚ ਰੰਗੇ ਨਜ਼ਰ ਆਏ

ਚੰਡੀਗੜ੍ਹ:

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸੋਮਵਾਰ ਨੂੰ ਪੰਜਾਬੀ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਨੇ ਸੰਸਦ ਵਿੱਚ ਪਹੁੰਚਦਿਆਂ ਹੀ ਪੰਜਾਬ ਦੇ ਹੱਕਾਂ ਦੀ ਜੰਮ ਕੇ ਪੈਰਵਾਈ ਕੀਤੀ। ਉਨ੍ਹਾਂ ਨੇ ਸੰਸਦ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ, ਸੰਘੀ ਖੇਤਰ ਦਾ ਸਾਰਾ ਮਾਲੀਆ ਤੇ ਬਾਕੀ ਸ੍ਰੋਤ ਪੰਜਾਬ ਨੂੰ ਸੌਂਪਣ ਤੇ ਸੂਬੇ ਦੇ ਪਾਣੀਆਂ ਦੀ ਵਰਤੋਂ ਉੱਤੇ ਰਾਇਲਟੀ ਦੇਣ ਜਿਹੇ ਮੁੱਦੇ ਉਠਾਏ।
ਬੇਸ਼ੱਕ ਇਹ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਮਸਲੇ ਹਨ ਪਰ ਜਦੋਂ ਤੋਂ ਸੁਖਬੀਰ ਬਾਦਲ ਨੇ ਪਾਰਟੀ ਦੀ ਕਮਾਨ ਸੰਭਾਲੀ ਹੈ, ਉਦੋਂ ਤੋਂ ਇਹ ਮੁੱਦੇ ਵਿਸਾਰ ਦਿੱਤੇ ਗਏ ਸੀ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸੰਸਦ ਵਿੱਚ ਇਹ ਮੁੱਦੇ ਉਠਾ ਕੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਮੁੜ ਰਵਾਇਤੀ ਸਿਆਸਤ ਵੱਲ ਪਰਤ ਰਹੀ ਹੈ। ਇਹ ਇਸ ਲਈ ਅਹਿਮ ਹੈ ਕਿ ਕੇਂਦਰ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ। ਇਸ ਲਈ ਸੁਖਬੀਰ ਬਾਦਲ ਦੇ ਸਟੈਂਡ ਨੂੰ ਵੇਖ ਕਾਫੀ ਚਰਚਾ ਹੈ।
ਸੁਖਬੀਰ ਬਾਦਲ ਨੇ ਸੰਸਦ ਵਿੱਚ ਕਿਹਾ ਕਿ ਕੇਂਦਰ ਵੱਲੋਂ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਵਾਅਦਾ ਅਜੇ ਤੀਕ ਅਧੂਰਾ ਪਿਆ ਹੈ। ਚੰਡੀਗੜ੍ਹ ਵੱਲੋਂ ਜੁਟਾਏ ਜਾਂਦੇ ਮਾਲੀਏ ਤੇ ਬਾਕੀ ਸ੍ਰੋਤਾਂ ਤੋਂ ਵੀ ਪੰਜਾਬ ਨੂੰ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਪੰਜਾਬ ਦੇ ਪਾਣੀਆਂ ਦਾ ਇਸਤੇਮਾਲ ਕਰਨ ਲਈ ਰਾਇਲਟੀ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤਕ ਪੰਜਾਬ ਦੇਸ਼ ਦਾ ਢਿੱਡ ਭਰਦਾ ਆ ਰਿਹਾ ਹੈ। ਖੇਤੀ ਪ੍ਰਧਾਨ ਹੋਣ ਕਰਕੇ ਸੂਬੇ ਅੰਦਰ ਪਾਣੀ ਦਾ ਸੰਕਟ ਪੈਦਾ ਹੋ ਗਿਆ ਹੈ। ਹੁਣ ਸਥਿਤੀ ਇਹ ਹੈ ਕਿ ਪੰਜਾਬ ਅੰਦਰਲੇ ਪਾਣੀ ਦੇ ਬਲਾਕਾਂ ਵਿੱਚੋਂ ਰਾਜਸਥਾਨ ਨਾਲੋਂ ਵੀ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ 80 ਫੀਸਦ ਪਾਣੀ ਦੇ ਬਲਾਕਾਂ ਵਿੱਚੋਂ ਲੋੜ ਨਾਲੋਂ ਵੱਧ ਪਾਣੀ ਕੱਢਿਆ ਜਾ ਚੁੱਕਾ ਹੈ ਜਦਕਿ ਰਾਜਸਥਾਨ ਵਿੱਚ 71 ਫੀਸਦ ਪਾਣੀ ਦੇ ਬਲਾਕਾਂ ਵਿਚੋਂ ਵੱਧ ਪਾਣੀ ਕੱਢਿਆ ਗਿਆ ਹੈ।
ਸੁਖਬੀਰ ਬਾਦਲ ਨੇ ਪੰਜਾਬ ਦੀ ਪਾਣੀ ਉੱਤੇ ਰਾਇਲਟੀ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਛੇ ਵਾਰ ਮੌਨਸੂਨ ਪਛੜਨ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨੇ ਦਾ ਉਤਪਾਦਨ ਵਧਾਇਆ ਹੈ, ਪਰ ਇਸ ਲਈ ਸੂਬੇ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਸ੍ਰੋਤ ਨੂੰ ਵੀ ਕੋਲੇ, ਲੋਹੇ ਤੇ ਗੈਸ ਜਿੰਨੀ ਅਹਿਮੀਅਤ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਜਦੋਂ ਕੇਂਦਰ ਪੰਜਾਬ ਦੀ ਮਦਦ ਕਰੇ।
ਪੰਜਾਬ ਨੂੰ ਆਪਣੇ ਨਹਿਰੀ ਸਿਸਟਮ ਨੂੰ ਆਧੁਨਿਕ ਬਣਾਉਣ, ਜ਼ਮੀਨੀ ਪਾਣੀ ਨੂੰ ਸੁਰਜੀਤ ਕਰਨ, ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਚਾਉਣ ਲਈ ਦੂਜੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਵਾਸਤੇ ਵਿਸ਼ੇਸ਼ ਫੰਡ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋ ਦਹਾਕਿਆਂ ਤਕ ਸੂਬੇ ਅੰਦਰੋਂ ਉਦਯੋਗਾਂ ਦੇ ਗੁਆਂਢੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵੱਲ ਪਲਾਇਨ ਦਾ ਸੰਤਾਪ ਝੱਲਣਾ ਪਿਆ ਹੈ।

© 2016 News Track Live - ALL RIGHTS RESERVED