ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉੱਚ ਸੁਰੱਖਿਆ ਵਾਲੇ ਸਮਾਗਮਾਂ ਵਿੱਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ

Aug 22 2019 02:38 PM
ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉੱਚ ਸੁਰੱਖਿਆ ਵਾਲੇ ਸਮਾਗਮਾਂ ਵਿੱਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ

ਚੰਡੀਗੜ੍ਹ:

ਦਿੱਲੀ ਹਾਈਕੋਰਟ ਨੇ ਅੰਮ੍ਰਿਤਧਾਰੀ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉੱਚ ਸੁਰੱਖਿਆ ਵਾਲੇ ਸਮਾਗਮਾਂ ਵਿੱਚ ਜਾਣ ਤੋਂ ਰੋਕਿਆ ਨਹੀਂ ਜਾ ਸਕਦਾ। ਅਦਾਲਤ ਨੇ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਟੀਸ਼ਨ ਦੀ ਸਣਵਾਈ ਕਰਦਿਆਂ ਸੁਣਾਇਆ ਹੈ।
ਇਸ ਬਾਰੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਨੇ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਨੂੰ 15 ਅਗਸਤ, 2018 ਨੂੰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ’ਤੇ ਹੋ ਰਹੇ ਸਮਾਗਮ ਵਿੱਚ ਕਿਰਪਾਨ ਧਾਰਨ ਕਰਨ ਕਰਕੇ ਜਾਣ ਤੋਂ ਰੋਕੇ ਜਾਣ ’ਤੇ ਦਿੱਲੀ ਹਾਈਕੋਰਟ ਵਿੱਚ ਕੇਸ ਦਾਇਰ ਕੀਤਾ ਸੀ।
ਦਿੱਲੀ ਪੁਲਿਸ ਨੇ ਅਦਾਲਤ ਵਿੱਚ ਹਲਫੀਆ ਬਿਆਨ ਦਾਇਰ ਕਰਕੇ ਇਹ ਮੰਨਿਆ ਹੈ ਕਿ ਉਹ ਕਿਰਪਾਨ ਧਾਰਨ ਕਰਨ ਵਾਲੇ ਸਿੱਖਾਂ ਨੂੰ ਉੱਚ ਸੁਰੱਖਿਆ ਵਾਲੇ ਸਮਾਗਮਾਂ ਵਿੱਚ ਜਾਣ ਤੋਂ ਨਹੀਂ ਰੋਕੇਗੀ ਤੇ ਸੰਵਿਧਾਨ ਦੀ ਧਾਰਾ 25 ਤਹਿਤ ਮਿਲੇ ਧਾਰਮਿਕ ਆਜ਼ਾਦੀ ਦੇ ਅਧਿਕਾਰ ਦਾ ਸਨਮਾਨ ਕਰੇਗੀ। ਅਦਾਲਤ ਨੇ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਇਸ ਹਲਫ਼ੀਆ ਬਿਆਨ ਵਿੱਚ ਦਾਇਰ ਗੱਲ ਦੀ ਪਾਲਣਾ ਉਹ ਭਵਿੱਖ ਵਿੱਚ ਵੀ ਕਰਦੀ ਰਹੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਦੋ ਹੋਰ ਮਾਮਲਿਆਂ ਵਿੱਚ ਵੀ ਹਾਈਕੋਰਟ ਵਿੱਚ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ। ਇੱਕ ਕੇਸ ‘ਨੀਟ’ ਪ੍ਰੀਖਿਆ ਵਿੱਚ ਤੇ ਦੂਜਾ ਡੀਐਸਐਸਐਸਬੀ ਦੀ ਪ੍ਰੀਖਿਆ ਵਿੱਚ ਸਿੱਖ ਬੱਚਿਆਂ ਨੂੰ ਕਿਰਪਾਨ ਤੇ ਕੜਾ ਪਾ ਕੇ ਜਾਣ ਤੋਂ ਰੋਕਣ ਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਸਰਕਾਰ ਨੇ ਹਾਲੇ ਆਪਣਾ ਜਵਾਬ ਦਾਇਰ ਕਰਨਾ ਹੈ ਤੇ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ 29 ਅਗਸਤ ਨੂੰ ਹੋਣੀ ਹੈ।

© 2016 News Track Live - ALL RIGHTS RESERVED