ਕਈ ਥਾਵਾਂ ’ਤੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ

Feb 12 2019 04:03 PM
ਕਈ ਥਾਵਾਂ ’ਤੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ

ਚੰਡੀਗੜ੍ਹ:

ਅਧਿਆਪਕਾਂ 'ਚ ਪੰਜਾਬ ਸਰਕਾਰ ਖਿਲਾਫ ਰੋਸ ਇੰਨਾ ਵਧ ਗਿਆ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਸਕੂਲਾਂ ਵਿੱਚ ਵੜਨਾ ਤੱਕ ਬੰਦ ਕਰ ਦਿੱਤਾ ਹੈ। ਸੋਮਵਾਰ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੈਅ ਪ੍ਰੋਗਰਾਮ ਮੁਤਾਬਕ ਜ਼ਿਲ੍ਹਾ ਮਾਨਸਾ ਦੇ ਸਕੂਲਾਂ 'ਚ ਦੌਰਾ ਕਰਨ ਗਏ ਪਰ ਅਧਿਆਪਕਾਂ ਨੇ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ।
ਇਸ ਦੌਰਾਨ ਪ੍ਰਸ਼ਾਸਨ ਨੇ ਪੁਲਿਸ ਦੇ ਡੰਡੇ ਦੀ ਵੀ ਵਰਤੋਂ ਕਰਨੀ ਚਾਹੀ ਪਰ ਅਧਿਆਪਕ ਟੱਸ ਤੋਂ ਮੱਸ ਨਾ ਹੋਏ। ਕਈ ਥਾਵਾਂ ’ਤੇ ਅਧਿਆਪਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਪੁਲਿਸ ਨੇ 52 ਅਧਿਆਪਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।
ਉੱਧਰ, ਖੁਫੀਆ ਰਿਪੋਰਟਾਂ ਮੁਤਾਬਕ 14 ਫਰਵਰੀ ਮਗਰੋਂ ਅਧਿਆਪਕਾਂ ਦਾ ਅੰਦੋਲਨ ਹੋਰ ਭੜਕ ਸਕਦਾ ਹੈ। ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ 14 ਫਰਵਰੀ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਆਰਪਾਰ ਦੀ ਲੜਾਈ ਵਿੱਢ ਦੇਣਗੇ।
ਅਧਿਆਪਕਾਂ ਦੇ ਰੋਸ ਨੂੰ ਵੇਖਦਿਆਂ ਸਿੱਖਿਆ ਸਕੱਤਰ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਸਕੂਲਾਂ ਵਿੱਚ ਨਾ ਜਾ ਸਕੇ ਤੇ ਪ੍ਰੋਗਰਾਮ ਛੱਡ ਕੇ ਚੰਡੀਗੜ੍ਹ ਪਰਤ ਆਏ। ਸੂਤਰਾਂ ਦਾ ਕਹਿਣਾ ਹੈ ਕਿ ਅਧਿਆਪਕਾਂ ਵਿੱਚ ਸਭ ਤੋਂ ਵੱਧ ਗੁੱਸਾ ਕ੍ਰਿਸ਼ਨ ਕੁਮਾਰ ਖਿਲਾਫ ਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕ੍ਰਿਸ਼ਨ ਕੁਮਾਰ ਹੀ ਯੂਨੀਅਨ ਲੀਡਰਾਂ ਨਾਲ ਕਿੜ੍ਹ ਕੱਢਣ ਲਈ ਸਖਤੀ ਵਰਤ ਰਹੇ ਹਨ।
ਕਾਬਲੇਗੌਰ ਹੈ ਕਿ ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀ ਆਮਦ ਤੋਂ ਦੋ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਸਕੂਲਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ ਸੀ। ਪਟਿਆਲਾ ਵਿੱਚ ਅਧਿਆਪਕਾਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਦੇ ਤੇਵਰ ਹੋਰ ਤਿੱਖੇ ਹੋ ਗਏ ਸਨ।

© 2016 News Track Live - ALL RIGHTS RESERVED