ਗਣਤੰਤਰ ਦਿਵਸ ਦਾ ਬਾਈਕਾਟ ਕਰਨ ਦਾ ਸੱਦਾ

Jan 19 2019 04:55 PM
ਗਣਤੰਤਰ ਦਿਵਸ ਦਾ ਬਾਈਕਾਟ ਕਰਨ ਦਾ ਸੱਦਾ

ਅੰਮ੍ਰਿਤਸਰ:

ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਗਣਤੰਤਰ ਦਿਵਸ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਾ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਹੈ ਕਿ ਜਥੇਬੰਦੀ ਵੱਲੋਂ ਸਵੈ-ਨਿਰਣੇ ਦਾ ਅਧਿਕਾਰ ਪ੍ਰਾਪਤ ਕਰਨ ਲਈ ਉਸੇ ਦਿਨ ਹੁਸ਼ਿਆਰਪੁਰ, ਲੁਧਿਆਣਾ ਤੇ ਜ਼ੀਰਾ ਵਿੱਚ ਮਾਰਚ ਕੀਤਾ ਜਾਵੇਗਾ।
ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਨੇ ਦੱਸਿਆ ਕਿ ਇਸ ਮਾਰਚ ਦੌਰਾਨ ਜਥੇਬੰਦੀ ਦੇ ਕਾਰਕੁਨ ਸੰਵਿਧਾਨਕ ਵਧੀਕੀਆਂ, ਬੇ-ਇਨਸਾਫੀਆਂ ਤੇ ਸਿੱਖਾਂ ਪ੍ਰਤੀ ਨਾਕਾਰਤਮਕ ਰੁਖ ਦਰਸਾਉਂਦੀਆਂ ਤਖ਼ਤੀਆਂ ਤੇ ਬੈਨਰ ਚੁੱਕ ਕੇ ਮਾਰਚ ਕਰਨਗੇ। ਇਹ ਮਾਰਚ ਖ਼ਾਲਸਾਈ ਨਿਸ਼ਾਨ ਸਾਹਿਬ ਤੇ ਜਥੇਬੰਦੀ ਦੇ ਝੰਡੇ ਹੇਠ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬਾ ਪੱਧਰੀ ਗਣਤੰਤਰ ਦਿਵਸ ਇਸ ਵਾਰ ਹੁਸ਼ਿਆਰਪੁਰ ਵਿੱਚ ਕਰਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀ ਵੱਲੋਂ ਵੀ ਆਪਣਾ ਮੁੱਖ ਸਮਾਗਮ ਹੁਸ਼ਿਆਰਪੁਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਵੈ-ਨਿਰਣੇ ਦਾ ਅਧਿਕਾਰ ਦੇਣ ਦੀ ਮੰਗ ਸਬੰਧੀ ਪੱਤਰ ਭਾਰਤ ਸਰਕਾਰ ਤੇ ਸੰਯੁਕਤ ਰਾਸ਼ਟਰ ਨੂੰ ਵੀ ਭੇਜਿਆ ਜਾਵੇਗਾ।
ਉਨ੍ਹਾਂ ਆਖਿਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਿੰਨ ਜੂਨ 1947 ਨੂੰ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਆਜ਼ਾਦੀ ਤੋਂ ਬਾਅਦ ਹੁਕਮਰਾਨ ਭੁੱਲ ਗਏ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਭ ਤੋਂ ਪਹਿਲਾਂ ਤਾਮਿਲਨਾਡੂ ਵਿੱਚ ਸਵੈ-ਨਿਰਣੇ ਦੀ ਮੰਗ ਉਠੀ ਸੀ ਤੇ ਉਸ ਤੋਂ ਬਾਅਦ ਪੰਜਾਬ ਤੇ ਹੋਰ ਸੂਬਿਆਂ ਵਿੱਚ ਇਹ ਮੰਗ ਉੱਭਰੀ।

© 2016 News Track Live - ALL RIGHTS RESERVED