ਸਾਂਝਾ ਅਧਿਆਪਕ ਮੋਰਚਾ ਨੇ ਅੱਜ ਵਿਧਾਇਕ ਪਵਨ ਆਦੀਆ ਨਾਲ ਮੀਟਿੰਗ

Nov 14 2018 03:57 PM
ਸਾਂਝਾ ਅਧਿਆਪਕ ਮੋਰਚਾ ਨੇ ਅੱਜ ਵਿਧਾਇਕ ਪਵਨ ਆਦੀਆ ਨਾਲ ਮੀਟਿੰਗ

ਹੁਸ਼ਿਆਰਪੁਰ

ਜ਼ਿਲੇ ’ਚ 13 ਅਧਿਆਪਕਾਂ ਦੀਆਂ ਰੰਜਿਸ਼ਨ ਬਦਲੀਆਂ ਅਤੇ 3 ਦੀਆਂ ਮੁਅੱਤਲੀਆਂ ਨੂੰ ਲੈ ਕੇ ਗਰਮਾਇਆ ਮਾਹੌਲ ਅਜੇ ਠੰਡਾ ਹੋਣ ਦਾ ਨਾਂ ਨਹੀਂ ਲੈ ਰਿਹਾ। ਸਾਂਝਾ ਅਧਿਆਪਕ ਮੋਰਚਾ ਨੇ ਅੱਜ ਸ਼ਾਮਚੁਰਾਸੀ ਹਲਕੇ ਦੇ ਵਿਧਾਇਕ ਪਵਨ ਆਦੀਆ ਨਾਲ ਮੀਟਿੰਗ ਕੀਤੀ। ਵਫਦ ਵਿਚ ਮੁਕੇਸ਼ ਕੁਮਾਰ, ਸਤੀਸ਼ ਰਾਣਾ, ਜਸਵੀਰ ਸਿੰਘ, ਅਜੀਬ ਦਿਵੇਦੀ, ਜਸਵੀਰ ਸਿੰਘ ਤਲਵਾਡ਼ਾ, ਪ੍ਰਿਤਪਾਲ ਸਿੰਘ, ਸੰਜੀਵ ਕੁਮਾਰ, ਵਿਕਾਸ ਸ਼ਰਮਾ, ਰਮੇਸ਼ ਹੁਸ਼ਿਆਰਪੁਰੀ, ਮਨਜੀਤ ਸੈਣੀ ਆਦਿ ਆਗੂ ਸ਼ਾਮਲ ਸਨ। ਵਫ਼ਦ ਨੇ ਸ਼੍ਰੀ ਆਦੀਆ ਨੂੰ ਉਪਰੋਕਤ ਘਟਨਾਕ੍ਰਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਸ. ਐੱਸ. ਏ./‘ਰਮਸਾ’ ਅਧਿਆਪਕਾਂ ਦੀ ਤਨਖ਼ਾਹ ’ਚ 75 ਫੀਸਦੀ ਕਟੌਤੀ ਕਰ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤੇ ਜਾਣ ਦੇ ਪ੍ਰਸਤਾਵ ਵਿਰੁੱਧ ਰੋਸ ਪ੍ਰਗਟ ਕਰ ਰਹੇ ਅਧਿਆਪਕ ਆਗੂਆਂ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਨਿਸ਼ਾਨਾ ਬਣਾਇਆ ਹੈ। ਸ਼੍ਰੀ ਆਦੀਆ ਨੇ ਵਫ਼ਦ ਦੀ ਗੱਲਬਾਤ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਉਹ ਇਸ ਗੰਭੀਰ ਮਾਮਲੇ ਨੂੰ ਲੈ ਕੇ ਜਲਦ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਮਿਲਣਗੇ ਅਤੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਸ਼੍ਰੀ ਆਦੀਆ ਨਾਲ ਕਰੀਬ ਡੇਢ ਘੰਟੇ ਤੱਕ ਸਾਕਾਰਾਤਮਕ ਮਾਹੌਲ ’ਚ ਚੱਲੀ ਮੀਟਿੰਗ ਤੋਂ ਬਾਅਦ ਅਧਿਆਪਕ ਆਗੂਆਂ ਨੇ ਫੈਸਲਾ ਲਿਆ ਕਿ ਹੋਰਨਾਂ ਵਿਧਾਇਕਾਂ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਹਾਲ ਦੀ ਘਡ਼ੀ ਮੁਲਤਵੀ ਕਰ ਦਿੱਤਾ ਜਾਵੇ।

 
© 2016 News Track Live - ALL RIGHTS RESERVED