ਕੈਪਟਨ ਸਰਕਾਰ ਤੋਂ ਕਾਂਗਰਸੀ ਵਿਧਾਇਕ ਵੀ ਔਖੇ

Jan 15 2019 03:08 PM
ਕੈਪਟਨ ਸਰਕਾਰ ਤੋਂ  ਕਾਂਗਰਸੀ ਵਿਧਾਇਕ ਵੀ ਔਖੇ

ਚੰਡੀਗੜ੍ਹ:

ਕੈਪਟਨ ਸਰਕਾਰ ਤੋਂ ਆਮ ਲੋਕ ਹੀ ਨਹੀਂ ਕਾਂਗਰਸੀ ਵਿਧਾਇਕ ਵੀ ਔਖੇ ਹਨ। ਇੱਕ ਪਾਸੇ ਕਿਸਾਨ, ਮੁਲਾਜ਼ਮ ਤੇ ਮਜ਼ਦੂਰ ਸੜਕਾਂ 'ਤੇ ਉੱਤਰੇ ਹਨ, ਦੂਜੇ ਪਾਸੇ ਕਾਂਗਰਸ ਦੇ ਆਪਣੇ ਵਿਧਾਇਕ ਹੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾ ਰਹੇ ਹਨ। ਵਿਧਾਇਕ ਸੁਰਜੀਤ ਸਿੰਘ ਧੀਮਾਨ ਮਗਰੋਂ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ਿਆਂ ਖਿਲਾਫ ਬੋਲਣ ਮਗਰੋਂ ਕੈਪਟਨ ਸਰਕਾਰ ਕਸੂਤੀ ਘਿਰੀ ਮਹਿਸੂਸ ਕਰ ਰਹੀ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਸੀ।
ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਰਕੇ ਕਾਂਗਰਸ ਵਿੱਚ ਭੂਚਾਲ ਆ ਗਿਆ ਹੈ। ਇਸ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹਰਕਤ ਵਿੱਚ ਆ ਗਏ ਹਨ। ਇਸ ਲਈ ਕਾਂਗਰਸ ਵਿਧਾਇਕਾਂ ਦੇ ਸ਼ਿਕਵੇ-ਸ਼ਿਕਾਇਤਾਂ ਦੂਰ ਕਰਨ ਤੇ ਉਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਦੇ ਮੁੱਦਿਆਂ ਨੂੰ ਸੂਬੇ ਦੇ ਬਜਟ ਵਿੱਚ ਥਾਂ ਦੇਣ ਲਈ ਇਨ੍ਹਾਂ ਨਾਲ 16 ਤੋਂ 19 ਜਨਵਰੀ ਤਕ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਹੈ।
ਇਹ ਮੀਟਿੰਗਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੀਤੀਆਂ ਜਾਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਰਹਿਣਗੇ। ਸਭ ਤੋਂ ਪਹਿਲੀ ਮੀਟਿੰਗ ਮਾਝਾ ਦੇ 22 ਵਿਧਾਇਕਾਂ ਨਾਲ 16 ਜਨਵਰੀ ਨੂੰ ਹੋਵੇਗੀ। 17 ਜਨਵਰੀ ਨੂੰ ਦੋਆਬੇ ਦੇ ਚਾਰ ਜ਼ਿਲ੍ਹਿਆਂ ਦੇ 16 ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਇਸ ਮਗਰੋਂ 18 ਤੇ 19 ਜਨਵਰੀ ਨੂੰ ਮਾਲਵਾ ਦੇ ਵਿਧਾਇਕਾਂ ਨਾਲ ਮੀਟਿੰਗਾਂ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।
ਹਾਕਮ ਧਿਰ ਦੇ ਵਿਧਾਇਕ ਕਈ ਵਾਰ ਮੁੱਖ ਮੰਤਰੀ ਕੋਲ ਸ਼ਿਕਾਇਤਾਂ ਕਰ ਚੁੱਕੇ ਹਨ ਕਿ ਅਫਸਰਸ਼ਾਹੀ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਨਹੀਂ ਕਰਦੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਵਿਧਾਇਕ ਆਪੋ-ਆਪਣੇ ਹਲਕਿਆਂ ਦੇ ਵਿਕਾਸ ਤੇ ਸਮੱਸਿਆਵਾਂ ਦੇ ਜਿਹੜੇ ਮੁੱਦੇ ਉਠਾਉਣਗੇ, ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ।

© 2016 News Track Live - ALL RIGHTS RESERVED