ਕਾਂਗਰਸ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਡਰਾਉਣਾ ਚਾਹੁੰਦੀ ਹੈ,

Jan 16 2019 03:13 PM
ਕਾਂਗਰਸ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਡਰਾਉਣਾ ਚਾਹੁੰਦੀ ਹੈ,

ਨਵੀਂ ਦਿੱਲੀ:

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ਇਲਜ਼ਾਮ ਲਾਇਆ ਕਿ ਕਾਂਗਰਸ 1984 ਸਿੱਖ ਕਤਲੇਆਮ ਦੇ ਗਵਾਹਾਂ ਨੂੰ ਡਰਾਉਣਾ ਚਾਹੁੰਦੀ ਹੈ, ਇਸੇ ਲਈ ਪਾਰਟੀ ਦੇ ਸਮਾਗਮਾਂ ਵਿੱਚ ਜਗਦੀਸ਼ ਟਾਈਟਲਰ ਨੂੰ ਪਹਿਲੀ ਕਤਾਰ ਵਿੱਚ ਬਿਠਾਇਆ ਜਾਂਦਾ ਹੈ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਦਿੱਲੀ ਦੇ ਮੁੜ ਤੋਂ ਪ੍ਰਧਾਨ ਥਾਪੇ ਜਾਣ ਮੌਕੇ ਟਾਈਟਲਰ ਨੂੰ ਖ਼ਾਸ ਮਹਿਮਾਨਾਂ ਲਈ ਰਾਖਵੀਆਂ ਪਹਿਲੀਆਂ ਕਤਾਰਾਂ ਵਿੱਚ ਬਿਠਾਇਆ ਗਿਆ ਸੀ।
ਇਸ 'ਤੇ ਸਿਰਸਾ ਨੇ ਦੋਸ਼ ਲਾਇਆ ਕਿ ਕਾਂਗਰਸ ਉਸ ਨੂੰ ਮੋਹਰੀ ਬਣਾ ਰਹੀ ਹੈ ਤੇ ਇਹ ਜਾਣ ਬੁੱਝ ਕੇ ਚੁੱਕਿਆ ਗਿਆ ਕਦਮ ਹੈ ਤਾਂ ਜੋ ਕਤਲੇਆਮ ਦੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾ ਸਕੇ। ਵਿਧਾਇਕ ਨੇ ਦੋਸ਼ ਲਾਇਆ ਕਿ ਕਾਂਗਰਸ ਕਤਲੇਆਮ ਕੇਸਾਂ ਦੇ ਗਵਾਹਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਪਾਰਟੀ ਹਾਈਕਮਾਂਡ ਟਾਈਟਲਰ ਦੇ ਪੱਖ ਵਿੱਚ ਹੈ ਅਤੇ ਕਿਸੇ ਨੂੰ ਉਸ ਵਿਰੁੱਧ ਗਵਾਹੀ ਦੇਣ ਦੀ ਜ਼ੁਅਰਤ ਨਹੀਂ ਕਰਨੀ ਚਾਹੀਦੀ।
ਉੱਧਰ, ਜਗਦੀਸ਼ ਟਾਈਟਲਰ ਨੇ ਸਿੱਖ ਕਤਲੇਆਮ 'ਚ ਸ਼ਾਮਲ ਹੋਣ ਦੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਕੇਸ ਵੀ ਦਰਜ ਨਹੀਂ ਹੈ। ਲੋਕ ਤੇ ਮੀਡੀਆ ਉਨ੍ਹਾਂ ਦਾ ਨਾਂਅ ਕਤਲੇਆਮ ਨਾਲ ਉਂਝ ਹੀ ਜੋੜ ਰਿਹਾ ਹੈ। ਟਾਈਟਲਰ ਨੇ ਕਿਹਾ ਕਿ ਕਿਸੇ ਦੇ ਕਹੇ 'ਤੇ ਤੁਸੀਂ ਕਿਵੇਂ ਯਕੀਨ ਕਰ ਸਕਦੇ ਹੋ।

© 2016 News Track Live - ALL RIGHTS RESERVED