ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਜ਼ਰੂਰ ਸਰਗਮ ਹੋਈਆਂ

Sep 17 2019 03:40 PM
ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਜ਼ਰੂਰ ਸਰਗਮ ਹੋਈਆਂ

ਚੰਡੀਗੜ੍ਹ:

ਹਿੰਦੀ ਦਿਵਸ ਮੌਕੇ ਬੀਜੇਪੀ ਸੁਪਰੀਮੋ ਅਮਿਤ ਸ਼ਾਹ ਨੇ 'ਇੱਕ ਰਾਸ਼ਟਰ, ਇੱਕ ਭਾਸ਼ਾ' ਦਾ ਨਾਅਰਾ ਦੇਣ ਮਗਰੋਂ ਦੇਸ਼ ਭਰ ਵਿੱਚ ਇਸ 'ਤੇ ਸਵਾਲ ਉੱਠੇ ਪਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਖਾਮੋਸ਼ ਰਹੀਆਂ। ਉਸੇ ਦਿਨ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਅਜਿਹੀ ਘਟਨਾ ਵਾਪਰੀ ਜਿਸ ਨੇ ਅਮਿਤ ਸ਼ਾਹ ਦੇ 'ਇੱਕ ਰਾਸ਼ਟਰ, ਇੱਕ ਭਾਸ਼ਾ' ਦੇ ਨਾਅਰੇ ਬਾਰੇ ਚਰਚਾ ਛੇੜ ਦਿੱਤੀ। ਹੈਰਾਨੀ ਦੀ ਗੱਲ਼ ਹੈ ਕਿ ਇਸ ਮਗਰੋਂ ਵੀ ਸਿਆਸੀ ਪਾਰਟੀਆਂ ਖਾਮੋਸ਼ ਹਨ ਪਰ ਵੱਖ-ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਜ਼ਰੂਰ ਸਰਗਮ ਹੋਈਆਂ ਹਨ।
ਦਰਅਸਲ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੂਬਾ ਪੱਧਰੀ ਹਿੰਦੀ ਸਮਾਰੋਹ ਵਿੱਚ ਪੰਜਾਬੀ ਦਾ ਨਿਰਾਦਰ ਕੀਤਾ ਗਿਆ। ਇਸ ਖਿਲਾਫ ਸਮਾਰੋਹ ਵਿੱਚ ਮੌਜੂਦ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਆਵਾਜ਼ ਉਠਾਈ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੰਜਾਬੀ ਚਿੰਤਕਾਂ ਨੇ ਸਖਤ ਇਤਰਾਜ਼ ਜਤਾਇਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਸ਼੍ਰੋਮਣੀ ਲੇਖਕ ਡਾ. ਤੇਜਵੰਤ ਸਿੰਘ ਨਾਲ ਦੁਰਵਿਹਾਰ ਦਾ ਸਖ਼ਤ ਨੋਟਿਸ ਲਿਆ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ, ਦੁਖਦਾਈ ਤੇ ਨਾ-ਬਰਦਾਸ਼ਤਯੋਗ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਪੰਜਾਬ ਤੇ ਪੰਜਾਬੀਆਂ ਦੀ ਸਾਹ ਰਗ ਹੈ ਜਿਨ੍ਹਾਂ ਸਦਕਾ ਭਾਰਤ ਵਿੱਚ ਮਰ ਚੁੱਕਿਆ ਜੀਵਨ ਮੁੜ ਧੜਕਣ ਯੋਗ ਹੋਇਆ ਹੈ ਤੇ ਅੱਜ ਵੀ ਇਸੇ ਕਰ ਕੇ ਧੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮੁੱਚੀ ਲੋਕਾਈ ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਮਨਾ ਰਹੀ ਹੈ, ਅਜਿਹੇ ਮੌਕੇ ਕੁਝ ਲੋਕਾਂ ਵੱਲੋਂ ਪੰਜਾਬ ਦੀ ਧਰਤੀ ’ਤੇ ਕੀਤੇ ਸਰਕਾਰੀ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਨੂੰ ‘ਗੰਵਾਰਾਂ ਦੀ ਭਾਸ਼ਾ’ ਦੱਸਣਾ ਮੰਦਭਾਗਾ ਹੈ।
ਦੂਜੇ ਪਾਸੇ ਪੰਜਾਬ ਸਰਕਾਰ ਤੇ ਸਿਆਸੀ ਪਾਰਟੀਆਂ ਵੱਲੋਂ ਇਸ ਬਾਰੇ ਧਾਰੀ ਚੁੱਪੀ ਤੋਂ ਪੰਜਾਬੀ ਚਿੰਤਕ ਹੀ ਨਹੀਂ ਬਲਕਿ ਆਮ ਲੋਕ ਵੀ ਹੈਰਾਨ ਹਨ। ਉਧਰ, ਭਾਸ਼ਾ ਵਿਭਾਗ ਪੰਜਾਬ ਵੀ ਇਸ ਤੋਂ ਕੰਨੀ ਕਤਰਾ ਰਿਹਾ ਹੈ। ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਹਿੰਦੀ ਦਿਵਸ ਸਮਾਰੋਹ ਦੌਰਾਨ ਅਜਿਹਾ ਕੁਝ ਵੀ ਨਹੀਂ ਵਾਪਰਿਆ ਜਿਸ ਦਾ ਕੋਈ ਵਿਭਾਗੀ ਨੋਟਿਸ ਲਿਆ ਜਾਵੇ।
ਯਾਦ ਰਹੇ ਭਾਸ਼ਾ ਵਿਭਾਗ ਵੱਲੋਂ ਲੰਘੇ ਦਿਨੀਂ ਮਨਾਏ ਗਏ ਰਾਜ ਪੱਧਰੀ ਹਿੰਦੀ ਸਮਾਰੋਹ ਦੌਰਾਨ ਮੰਚ ’ਤੇ ਬੈਠੇ ਸਾਹਿਤਕਾਰਾਂ ਦਰਮਿਆਨ ਭਾਸ਼ਾਈ ਵਖਰੇਵੇਂ ਨੂੰ ਲੈ ਕੇ ਤਲਖ਼ੀ ਪੈਦਾ ਹੋ ਗਈ ਸੀ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਜਦੋਂ ਮਾਂ-ਬੋਲੀ ਪੰਜਾਬੀ ਦੀ ਪੈਰਵੀ ਕੀਤੀ ਤਾਂ ਉਸ ਮੌਕੇ ਮਾਈਕ ਬੰਦ ਕਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਮੰਚ ਤੋਂ ਹਟਣ ਲਈ ਮਜਬੂਰ ਕਰ ਦਿੱਤਾ ਗਿਆ। ਇਸ ਸਬੰਧੀ ਵਾਇਰਲ ਹੋਈ ਵੀਡੀਓ ਵਿੱਚ ਡਾ. ਮਾਨ ਪੰਜਾਬੀ ਕੁਝ ਹਿੰਦੀ ਲੇਖਕਾਂ ਦਾ ਸਾਹਮਣਾ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ’ਚ ਉਹ ਹਿੰਦੀ ਸਾਹਿਤਕਾਰਾਂ ਨੂੰ ਸਪੱਸ਼ਟ ਕਰ ਰਹੇ ਹਨ ਕਿ ਪੰਜਾਬ ਵਿੱਚ ਜਿਹੜਾ ਵੀ ਹਿੰਦੀ ਸਾਹਿਤ ਲਿਖਿਆ ਜਾਵੇ, ਉਸ ਉੱਤੇ ਪੰਜਾਬੀ ਦੀ ਪੁੱਠ ਚੜ੍ਹਨੀ ਚਾਹੀਦੀ ਹੈ । ਡਾ. ਮਾਨ ਦੇ ਪੰਜਾਬੀ ਪ੍ਰਤੀ ਵਿਖਾਏ ਹੌਸਲੇ ਦੀ ਪੰਜਾਬ ਖਾਸ ਕਰ ਕੇ ਪੰਜਾਬੀ ਲੇਖਕ ਸੱਥਾਂ ’ਚ ਵੱਡੀ ਚਰਚਾ ਛਿੜੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬੀ ਲੇਖਕ ਤੇ ਆਮ ਲੋਕ ਇਕਜੁੱਟ ਹੁੰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਵਿੱਚ ਆਰਐਸਐਸ ਦੇ ਏਜੰਡੇ ਤੋਂ ਪੰਜਾਬੀ ਨੂੰ ਬਚਾਉਣ ਦਾ ਹੋਕਾ ਵੀ ਗੂੰਜਣ ਲੱਗਿਆ ਹੈ।

© 2016 News Track Live - ALL RIGHTS RESERVED