ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ

Sep 10 2019 06:39 PM
ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਨਿਆਇਕ ਜਾਂਚ  ਸ਼ੁਰੂ

 

ਬਟਾਲਾ :

ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਨਿਆਇਕ ਜਾਂਚ ਸੋਮਵਾਰ ਨੂੰ ਸ਼ੁਰੂ ਹੋ ਗਈ ਹੈ। ਪਹਿਲੇ ਦਿਨ ਏਡੀਸੀ (ਜਨਰਲ) ਤੇਜਿੰਦਰ ਸਿੰਘ ਸੰਧੂ ਨੇ ਸਾਲ 2017 'ਚ ਵਾਪਰੇ ਹਾਦਸੇ ਦੀ ਫਾਈਲ ਨੂੰ ਲੈ ਕੇ ਹਾਲ ਹੀ 'ਚ ਹੋਏ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੋ ਹਫ਼ਤੇ 'ਚ ਪੂਰੀ ਕੀਤੀ ਜਾਵੇਗੀ।
ਦੂਜੇ ਪਾਸੇ, ਮਾਮਲੇ 'ਚ ਲੋੜੀਂਦੇ ਰੋਮੀ ਖ਼ਿਲਾਫ਼ ਬਟਾਲਾ ਪੁਲਿਸ ਨੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਾਲ 2017 ਦੌਰਾਨ ਫੈਕਟਰੀ 'ਚ ਹੋਏ ਹਾਦਸੇ 'ਚ ਜਸਪਾਲ ਸਿੰਘ ਖ਼ਿਲਾਫ਼ ਦਰਜ ਮਾਮਲੇ ਦੀ ਫਾਈਲ ਏਡੀਸੀ ਦਫ਼ਤਰ ਪੁੱਜ ਚੁੱਕੀ ਹੈ। ਸੋਮਵਾਰ ਨੂੰ ਡੀਸੀ ਦਫ਼ਤਰ 'ਚ ਮੁਲਾਜ਼ਮਾਂ ਦੀ ਹੜਤਾਲ ਦੇ ਬਾਵਜੂਦ ਜਾਂਚ ਦਾ ਕੰਮ ਪੂਰਾ ਦਿਨ ਜਾਰੀ ਰਿਹਾ।
ਜਾਂਚ ਨੂੰ ਲੈ ਕੇ ਸੋਮਵਾਰ ਸਵੇਰੇ ਡੀਸੀ ਦਫ਼ਤਰ 'ਚ ਕੁਝ ਨੁਕਤਿਆਂ 'ਤੇ ਚਰਚਾ ਹੋਈ। ਇਸ ਚਰਚਾ 'ਚ ਏਡੀਸੀ ਜਨਰਲ ਤੇਜਿੰਦਰ ਸਿੰਘ ਸੰਧੂ, ਐੱਸਡੀਐੱਮ ਬਲਵੀਰ ਰਾਜ ਸ਼ਾਮਲ ਸਨ। ਇਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਜਾਂਚ ਦੌਰਾਨ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਬੁਲਾਇਆ ਜਾਵੇਗਾ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। 

ਜਾਂਚ ਦੌਰਾਨ ਦੇਖਿਆ ਜਾਵੇਗਾ ਕਿ ਸਾਲ 2017 'ਚ ਹੋਏ ਹਾਦਸੇ ਦੇ ਮਾਮਲੇ 'ਚ ਕਮੀਆਂ ਕਿੱਥੇ ਰਹਿ ਗਈਆਂ ਸਨ? ਕਿਸ ਦੀ ਗ਼ਲਤੀ ਕਾਰਨ ਦੋਬਾਰਾ ਏਨਾ ਵੱਡਾ ਹਾਦਸਾ ਵਾਪਰਿਆ? ਪੁਰਾਣੀ ਰਿਪੋਰਟ 'ਚ ਕੀ ਤੱਥ ਸਾਹਮਣੇ ਆਏ ਸਨ? ਜੇਕਰ ਫੈਕਟਰੀ ਮਾਲਕ ਖ਼ਿਲਾਫ਼ ਰਿਪੋਰਟ ਸੀ, ਤਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਿਸ ਆਧਾਰ 'ਤੇ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ?
ਦੱਸਿਆ ਜਾ ਰਿਹਾ ਹੈ ਕਿ 2017 ਦੇ ਕੇਸ ਨਾਲ ਸਬੰਧਤ ਪੁਲਿਸ ਦੇ ਜਾਂਚ ਅਧਿਕਾਰੀ ਨੂੰ ਵੀ ਇਸ ਕੇਸ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਬਿਆਨ ਦਰਜ ਕੀਤੇ ਜਾ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਫੈਕਟਰੀ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਹੋਈਆਂ ਸਨ, ਉਨ੍ਹਾਂ ਦੀ ਪਛਾਣ ਕਰ ਕੇ ਉਹ ਫਾਈਲਾਂ ਵੀ ਕੱਢੀਆਂ ਜਾਣਗੀਆਂ। ਕਿੰਨੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ, ਇਸ ਦੀ ਸੂਚੀ ਵੀ ਤਿਆਰ ਕੀਤੀ ਜਾਵੇਗੀ। ਦੱਸਣਯੋਗ ਹੈ ਕਿ 2017 'ਚ ਫੈਕਟਰੀ ਮਾਲਕ ਜਸਪਾਲ ਸਿੰਘ ਖ਼ਿਲਾਫ਼ ਗੁਆਂਢੀ ਹਰਪ੍ਰਰੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਹਰਪ੍ਰੀਤ ਦੇ ਦੋਬਾਰਾ ਬਿਆਨ ਦਰਜ ਕੀਤੇ ਜਾ ਸਕਦੇ ਹਨ।
ਡੀਸੀ ਵਿਪੁਲ ਉਜਵਲ ਨੇ ਕਿਹਾ ਕਿ ਜਾਂਚ ਨਾਲ ਸਬੰਧਤ ਅਧਿਕਾਰੀਆਂ ਦੇ ਬਿਆਨ ਰੋਜ਼ਾਨਾ ਦਰਜ ਕੀਤੇ ਜਾਣਗੇ। ਹਾਦਸੇ ਨਾਲ ਸਬੰਧਤ ਕਿਸੇ ਵੀ ਗੁਨਾਹਗਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜਾਂਚ ਦੋ ਹਫ਼ਤੇ 'ਚ ਮੁਕੰਮਲ ਕਰ ਲਈ ਜਾਵੇਗੀ।
ਐੱਸਐੱਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਰੋਮੀ ਵਿਦੇਸ਼ ਵੀ ਭੱਜ ਸਕਦਾ ਹੈ। ਇਸ ਲਈ ਐੱਸਪੀ (ਡੀ) ਲਖਵਿੰਦਰ ਸਿੰਘ ਦੀ ਅਗਵਾਈ 'ਚ ਇਕ ਟੀਮ ਦਾ ਗਠਨ ਕੀਤਾ ਗਿਆ ਹੈ। ਰੋਮੀ ਦੀਆਂ ਤਸਵੀਰਾਂ ਸੋਮਵਾਰ ਨੂੰ ਸੂਬੇ ਦੇ ਸਾਰੇ ਥਾਣਿਆਂ 'ਚ ਫੈਕਸ ਜ਼ਰੀਏ ਭੇਜ ਦਿੱਤੀਆਂ ਗਈਆਂ ਹਨ।
ਸੂਚਨਾ ਦੇਣ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਦੌਰਾਨ ਪੁਲਿਸ ਨੇ ਦੂਜੇ ਦਿਨ ਵੀ ਬਟਾਲਾ, ਲੁਧਿਆਣਾ, ਗੁਰਦਾਸਪੁਰ 'ਚ ਰੋਮੀ ਦੇ ਰਿਸ਼ਤੇਦਾਰਾਂ ਦੇ ਘਰ ਛਾਪੇਮਾਰੀ ਕੀਤੀ, ਪਰੰਤੂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।

© 2016 News Track Live - ALL RIGHTS RESERVED