ਕੈਪਟਨ ਨਿੱਤ ਐਲਾਨ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ

May 08 2019 04:22 PM
ਕੈਪਟਨ ਨਿੱਤ ਐਲਾਨ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ

ਚੰਡੀਗੜ੍ਹ:

ਚੋਣਾਂ ਦੇ ਮਾਹੌਲ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਐਲਾਨਾਂ ਤੋਂ ਸਿਆਸੀ ਪਾਰਟੀਆਂ ਅੰਦਰੋ-ਅੰਦਰ ਔਖੀਆਂ ਹਨ ਪਰ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦੇਣ ਤੋਂ ਟਾਲਾ ਵੱਟ ਰਹੀਆਂ ਹਨ। ਕੈਪਟਨ ਨੇ ਪੰਜਾਬ ਵਿੱਚ ਝੋਨੇ ਦੀ ਲਵਾਈ ਦੀ ਤਰੀਕ 20 ਦੀ ਥਾਂ 13 ਜੂਨ ਕਰਨ ਦੇ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮੀਂਹ ਤੇ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗ ਕੇ ਤਬਾਹ ਹੋਈ ਫਸਲ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਵਿਰੋਧੀ ਪਾਰਟੀਆਂ ਦੇ ਮੰਨਣਾ ਹੈ ਕਿ ਕੈਪਟਨ ਨਿੱਤ ਐਲਾਨ ਕਰਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰ ਰਹੇ ਹਨ। ਇਸ ਦੇ ਬਾਵਜੂਦ ਚੋਣ ਕਮਿਸ਼ਨ ਕੋਲ ਸ਼ਿਕਾਇਤ ਨਹੀਂ ਕੀਤੀ ਜਾਏਗੀ ਕਿਉਂਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਹੈ। ਦਰਅਸਲ ਪੰਜਾਬ ਦੇ ਕਿਸਾਨਾਂ ਲਈ ਝੋਨੇ ਦੀ ਲਵਾਈ ਪਿਛੇਤੀ ਹੋਣ ਦਾ ਮਾਮਲਾ ਬਹੁਤ ਹੀ ਵੱਡਾ ਮੁੱਦਾ ਹੈ। ਬੀਤੇ ਸਾਲ ਪਿਛੇਤੀ ਲਵਾਈ ਹੋਣ ਨਾਲ ਝੋਨੇ ਦੀ ਕਟਾਈ ਪਛੜ ਗਈ ਸੀ ਤੇ ਨਮੀ ਵਧਣ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪਿਆ ਸੀ। ਪਿਛਲੇ ਸਾਲ ਝੋਨੇ ਦੀ ਲਵਾਈ ’ਚ ਦੇਰੀ ਹੋਣ ਕਾਰਨ ਝੋਨੇ ਦਾ ਝਾੜ ਵੀ ਘਟ ਗਿਆ ਸੀ।
ਉਧਰ, ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਜੋ ਵੀ ਐਲਾਨ ਕੀਤਾ ਗਿਆ ਹੈ, ਉਸ ਸਬੰਧੀ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਵੱਲੋਂ ਝੋਨੇ ਦੀ ਲਵਾਈ ਅਗੇਤੀ ਕਰਨ ਸਬੰਧੀ ਕਮਿਸ਼ਨ ਤੋਂ ਪ੍ਰਵਾਨਗੀ ਲੈਣ ਦਾ ਕੋਈ ਪ੍ਰਸਤਾਵ ਭੇਜਿਆ ਜਾਵੇਗਾ ਤਾਂ ਉਸ ’ਤੇ ਨਿਯਮਾਂ ਮੁਤਾਬਕ ਵਿਚਾਰ ਕੀਤੀ ਜਾਵੇਗੀ।

© 2016 News Track Live - ALL RIGHTS RESERVED