17 ਤੇ 18 ਜੂਨ ਨੂੰ ਬੱਦਲਵਾਈ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ

Jun 17 2019 03:52 PM
17 ਤੇ 18 ਜੂਨ ਨੂੰ ਬੱਦਲਵਾਈ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ

ਚੰਡੀਗੜ੍ਹ:

ਪੰਜਾਬੀਆਂ ਨੂੰ ਅਗਲੇ ਦੋ ਦਿਨ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿੱਚ 17 ਤੇ 18 ਜੂਨ ਨੂੰ ਬੱਦਲਵਾਈ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਉਂਝ ਪੰਜਾਬ ਵਿੱਚ ਮਾਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪ੍ਰੀ-ਮਾਨਸੂਨ ਬਾਰਸ਼ ਗਰਮੀ ਤੋਂ ਰਾਹਤ ਦੇਵੇਗੀ।
ਐਤਵਾਰ ਨੂੰ ਵੀ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਪਏ ਮੀਂਹ ਤੇ ਕੁਝ ਥਾਈਂ ਬੱਦਲਵਾਈ ਕਾਰਨ ਗਰਮੀ ਤੋਂ ਰਾਹਤ ਮਿਲੀ। ਪੰਜਾਬ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਤੇ ਕੁਝ ਹੋਰ ਖੇਤਰਾਂ ਵਿੱਚ ਹਲਕੀ ਬਾਰਸ਼ ਹੋਈ। ਹਰਿਆਣਾ ਦੇ ਸਿਰਸਾ, ਫ਼ਤਿਹਾਬਾਦ, ਮਹਿੰਦਰਗੜ੍ਹ ਤੇ ਕੁਝ ਹੋਰ ਥਾਈਂ ਲੋਕਾਂ ਨੇ ਹਲਕੀ ਤੋਂ ਦਰਮਿਆਨੇ ਮੀਂਹ ਦਾ ਆਨੰਦ ਲਿਆ। ਇਸ ਦੌਰਾਨ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਦਿਨ ਭਰ ਬੱਦਲਵਾਈ ਰਹੀ।
ਇਸ ਸਾਲ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਵਾਂ 'ਤੇ ਤਾਪਮਾਨ 48 ਡਿਗਰੀ ਤੱਕ ਵੀ ਪਹੁੰਚਿਆ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੇ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਹਨ। ਬਾਰਸ਼ ਨਾਲ ਜਿੱਥੇ ਕਿਸਾਨਾਂ ਨੂੰ ਰਾਹਤ ਮਿਲੇਗੀ, ਉੱਥੇ ਬਿਜਲੀ ਕੱਟਾਂ ਤੋਂ ਵੀ ਨਿਜਾਤ ਮਿਲੇਗੀ।

© 2016 News Track Live - ALL RIGHTS RESERVED