ਯੂਐਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਹਵਾ ਪ੍ਰਦੂਸ਼ਨ ਪ੍ਰਤੀ ਫਿਕਰਮੰਦ

Jun 27 2019 02:03 PM
ਯੂਐਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਹਵਾ ਪ੍ਰਦੂਸ਼ਨ ਪ੍ਰਤੀ ਫਿਕਰਮੰਦ

ਅੰਮ੍ਰਿਤਸਰ:

ਜ਼ਿਲ੍ਹੇ ਵਿੱਚ ਹਵਾ ਪ੍ਰਦੂਸ਼ਨ ਰੋਕਣ ਲਈ ਯੂਨਾਈਟਿਡ ਨੇਸ਼ਨਜ਼ ਦੀ ਟੀਮ ਨੇ ਦਰਬਾਰ ਸਾਹਿਬ ਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦਾ ਦੌਰਾ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ਵਿਰਾਸਤੀ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ-ਨਾਲ ਵਾਰਾਨਸੀ ਤੇ ਗੁਰੂਗ੍ਰਾਮ ਦੀ ਵੀ ਚੋਣ ਕੀਤੀ ਗਈ ਹੈ। ਇਸ ਵਿਸ਼ੇਸ਼ ਵਿਕਾਸ ਪ੍ਰੋਗਰਾਮ ਤਹਿਤ ਟੀਮ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ।
ਯੂਨਾਈਟਿਡ ਨੇਸ਼ਨਜ਼ ਦੀ ਟੀਮ ਦੀ ਅਗਵਾਈ ਕਰ ਰਹੀ ਜਿਆਫਾਂਗ ਜਾਊ ਨੇ ਦੱਸਿਆ ਕਿ ਯੂਐਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਹਵਾ ਪ੍ਰਦੂਸ਼ਨ ਪ੍ਰਤੀ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵਧੀਆ ਬਣਾਉਣ ਲਈ ਆਵਾਜਾਈ ਸੁਧਾਰਾਂ ਦੀ ਸਖ਼ਤ ਲੋੜ ਹੈ। ਉਨ੍ਹਾਂ ਹਵਾ ਦੀ ਗੁਣਵੱਤਾ ਵਿਗੜਣ ਵਿੱਚ ਪਰਾਲੀ ਸਾੜਨ ਤੇ ਕਾਰਖਾਨਿਆਂ ਦੇ ਧੂੰਏਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ।
ਜਾਊ ਨੇ ਦੱਸਿਆ ਕਿ ਸ਼ਹਿਰ ਵਿੱਚ ਰੋਜ਼ਾਨਾ ਔਸਤਨ ਸਵਾ ਲੱਖ ਸੈਲਾਨੀ ਆਉਂਦੇ ਹਨ। ਇਸੇ ਦੇਖਦੇ ਹੋਏ ਯੋਜਨਾ ਤਿਆਰ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਇੱਥੇ ਮੈਟਰੋ ਵਰਗੇ ਪਬਲਿਕ ਟ੍ਰਾਂਸਪੋਰਟ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ। ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਕੁਰੂਨੇਸ਼ ਗਰਗ ਨੇ ਸਰਕਾਰ ਦੇ ਤੰਦਰੁਸਤ ਪੰਜਾਬ ਤਹਿਤ ਕੀਤੇ ਗਏ ਕੰਮਾਂ ਦਾ ਬਿਓਰਾ ਵੀ ਯੂਨਾਈਟਿਡ ਨੇਸ਼ਨਜ਼ ਨਾਲ ਸਾਂਝਾ ਕੀਤੇ।
ਬੋਰਡ ਦੇ ਮੁਖੀ ਜੀਐਮ ਮਜੀਠੀਆ ਨੇ ਦੱਸਿਆ ਕਿ ਦਰਬਾਰ ਸਾਹਿਬ ਵਿੱਚ ਲੰਗਰ ਪਕਾਉਣ ਲਈ ਜਲਦ ਹੀ ਸੀਐਨਜੀ ਦੀ ਵਰਤੋਂ ਕੀਤੀ ਜਾਵੇਗੀ ਤੇ ਜਨਰੇਟਰ ਬੰਦ ਕਰਕੇ ਨਿਰਵਿਘਨ ਬਿਜਲੀ ਸਪਲਾਈ ਲਈ ਵੱਖਰਾ ਗਰਿੱਡ ਬਣਾਇਆ ਜਾਵੇਗਾ।

© 2016 News Track Live - ALL RIGHTS RESERVED