ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ

Sep 05 2019 04:34 PM
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ

ਬਟਾਲਾ:

ਗੁਰਦੁਆਰਾ ਕੰਧ ਸਾਹਿਬ, ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਵਿੱਚੋ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋਈਆਂ। ਇਸ ਮੌਕੇ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਪੁਰਾਤਨ ਕੰਧ ਤੇ ਗੁਰਦੁਅਰਾ ਡੇਰਾ ਸਾਹਿਬ ਵਿਖੇ ਪੁਰਾਤਨ ਥੜ੍ਹੇ ਦੇ ਦਰਸ਼ਨ ਕੀਤੇ।
ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਪੁਰਾਣਾ ਨਗਰ ਬਟਾਲਾ, ਜਿਸ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਚਰਨ ਛੋਹ ਪ੍ਰਾਪਤ ਹੈ। ਇਹ ਉਹ ਨਗਰ ਸੀ ਜਿੱਥੇ 24 ਸਤੰਬਰ, 1487 ਨੂੰ ਗੁਰੂ ਸਾਹਿਬ ਦਾ ਮਾਤਾ ਸੁਲੱਖਣੀ ਜੀ ਨਾਲ ਵਿਆਹ ਹੋਇਆ। ਇਸ ਸਬੰਧੀ ਹਰ ਸਾਲ ਗੁਰਦੁਆਰਾ ਕੰਧ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦੀਆਂ ਰੌਣਕਾ ਵੇਖਿਆਂ ਹੀ ਬਣਦੀਆਂ ਹਨ। ਇਸ ਖ਼ਾਸ ਮੌਕੇ ਬੀਤੇ ਦਿਨ ਸੁਲਤਾਨਪੁਰ ਲੋਧੀ ਤੋਂ ਗੁਰਦੁਆਰਾ ਕੰਧ ਸਾਹਿਬ ਤਕ ਨਗਰ ਕੀਰਤਨ ਸਜਾਇਆ ਗਿਆ।
ਇਸੇ ਤਰਾਂ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਕੰਧ ਸਾਹਿਬ ਵਿਖੇ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਉਹ ਪੁਰਾਤਨ ਕੰਧ ਮੌਜੂਦ ਹੈ ਜਦੋਂ ਇੱਕ ਬਜ਼ੁਰਗ ਮਹਿਲਾ ਵੱਲੋਂ ਗੁਰੂ ਸਾਹਿਬ ਨੂੰ ਕਿਹਾ ਗਿਆ ਕਿ ਕੰਧ ਕੱਚੀ ਹੈ ਥੋੜਾ ਦੂਰ ਹੋ ਕੇ ਬੈਠੋ ਤਾਂ ਕਿ ਡਿੱਗ ਨਾ ਪਵੇ, ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਇਹ ਕੰਧ ਕਾਫੀ ਸਮਾਂ ਇੰਝ ਹੀ ਰਹੇਗੀ। ਅੱਜ ਵੀ ਇਹ ਕੰਧ ਉਸੇ ਤਰਾਂ ਮੌਜੂਦ ਹੈ ਤੇ ਸੰਗਤਾਂ ਇਸ ਕੰਧ ਦੇ ਦਰਸ਼ਨ ਕਰਦੀਆਂ ਹਨ।
ਕੰਧ ਦੇ ਬਿਲਕੁਲ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ ਜਿੱਥੇ ਨਿਰੰਤਰ ਗੁਰਬਾਣੀ ਦਾ ਇਲਾਹੀ ਪ੍ਰਵਾਹ ਚੱਲਦਾ ਹੈ। ਇਸੇ ਤਰਾਂ ਗੁਰਦੁਆਰਾ ਡੇਰਾ ਸਾਹਿਬ, ਜਿੱਥੇ ਗੁਰੂ ਨਾਨਕ ਸਾਹਿਬ ਦੇ ਅਨੰਦ-ਕਾਰਜ ਹੋਏ ਸਨ, ਉਸ ਅਸਥਾਨ ਤੇ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਨਤਮਸਤਕ ਹੋਈਆਂ।

© 2016 News Track Live - ALL RIGHTS RESERVED