ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਚੋਣਾਂ ਵਿੱਚ ਵੱਡੇ ਚਿਹਰਿਆਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਵੇ

Jan 22 2019 03:26 PM
ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਚੋਣਾਂ ਵਿੱਚ ਵੱਡੇ ਚਿਹਰਿਆਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਵੇ

ਚੰਡੀਗੜ੍ਹ:

ਲੋਕ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਹੋਏਗਾ। ਇਸ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਿਨ-ਰਾਤ ਰਣਨੀਤੀ ਘੜਨ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਵਿੱਚੋਂ ਖਹਿਰਾ ਧੜੇ ਦਾ ਬਾਹਰ ਜਾਣ ਤੇ ਕਾਂਗਰਸ ਸਰਕਾਰ ਪ੍ਰਤੀ ਲੋਕਾਂ ਵਿੱਚ ਰੋਸ ਕਰਕੇ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਂਝ, ਅਕਾਲੀ ਦਲ ਵੀ ਅਜੇ ਸਿਆਸੀ ਸੰਕਟ ਵਿੱਚੋਂ ਉੱਭਰ ਨਹੀਂ ਪਾਇਆ।
ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਵੱਡੇ ਚਿਹਰਿਆਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਜਾਵੇ। ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ ਤੋਂ ਇਲਾਵਾ ਇਸ ਵਾਰ ਟਿਕਟਾਂ ਉਨ੍ਹਾਂ ਉਮੀਦਵਾਰਾਂ ਨੂੰ ਦੇਣ ਦੀ ਤਿਆਰੀ ਹੈ ਜਿਨ੍ਹਾਂ ਦਾ ਹਲਕਿਆਂ ਵਿੱਚ ਆਪਣਾ ਮਜ਼ਬੂਤ ਆਧਾਰ ਹੈ।
ਇਸ ਵਾਰ ਸ਼੍ਰੋਮਣੀ ਅਕਾਲੀ ਦਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਲਈ ਉਨ੍ਹਾਂ ਦੇ ਗੜ੍ਹ ਪਟਿਆਲਾ ਵਿੱਚ ਮੋਰਚਾ ਲਾਉਣ ਦੀ ਤਿਆਰੀ ਕਰ ਰਿਹਾ ਹੈ। ਚਰਚਾ ਹੈ ਕਿ ਬਾਦਲ ਪਰਿਵਾਰ ਦਾ ਕੋਈ ਮੈਂਬਰ ਜਾਂ ਕਰੀਬੀ ਪਟਿਆਲਾ ਤੋਂ ਚੋਣ ਲੜ ਸਕਦਾ ਹੈ। ਉਧਰ ਕਾਂਗਰਸ ਵੱਲੋਂ ਕੈਪਟਨ ਦੀ ਪਤਨੀ ਪਰਨੀਤ ਕੌਰ ਨੂੰ ਟਿਕਟ ਮਿਲਣ ਦੀ ਉਮੀਦ ਹੈ।
ਉਧਰ ਚਰਚਾ ਹੈ ਕਿ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਈ ਜਾ ਸਕਦੀ ਹੈ ਕਿਉਂਕਿ ਇਸ ਵਾਰ ਇਹ ਹਲਕਾ ਅਕਾਲੀ ਦਲ ਕੋਲ ਜਾਣ ਦੀ ਚਰਚਾ ਹੈ। ਬੀਜੇਪੀ ਇਸ ਵਾਰ ਅੰਮ੍ਰਿਤਸਰ ਦੀ ਥਾਂ ਲੁਧਿਆਣਾ ਤੋਂ ਚੋਣ ਲੜਨ ਦੀ ਇਛੁੱਕ ਹੈ।

© 2016 News Track Live - ALL RIGHTS RESERVED