ਬੀ. ਐੱਸ. ਐੱਫ. ਨੇ ਸਾਲ 2018 ਵਿੱਚ 150 ਕਿਲੋ ਹੈਰੋਇਨ ਫੜੀ

Jun 27 2018 02:53 PM
ਬੀ. ਐੱਸ. ਐੱਫ. ਨੇ ਸਾਲ 2018 ਵਿੱਚ 150 ਕਿਲੋ ਹੈਰੋਇਨ ਫੜੀ


ਅੰਮ੍ਰਿਤਸਰ
ਨਸ਼ਾ ਵਿਰੋਧੀ ਦਿਵਸ ਬੀ. ਐੱਸ. ਐੱਫ. ਸਮੇਤ ਸਮੂਹ ਸੁਰੱਖਿਆ ਏਜੰਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਮਹਾ ਅਭਿਆਨ ਵੀ ਚਲਾਇਆ ਜਾ ਰਿਹਾ ਹੈ ਪਰ ਇਕ ਸੱਚ ਇਹ ਹੈ ਕਿ ਪੰਜਾਬ 'ਚ ਹੈਰੋਇਨ ਦੀ ਖਪਤ ਅਤੇ ਪਾਕਿਸਤਾਨ ਵੱਲੋਂ ਇਸ ਦਾ ਆਉਣਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜੋ ਸੁਰੱਖਿਆ ਏਜੰਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੀ. ਐੱਸ. ਐੱਫ. ਵੱਲੋਂ ਹੈਰੋਇਨ ਜ਼ਬਤ ਕੀਤੇ ਜਾਣ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੀ. ਐੱਸ. ਐੱਫ. ਨੇ ਪੰਜਾਬ ਬਾਰਡਰ 'ਚ ਸਾਲ 2018  ਦੌਰਾਨ 175 ਦਿਨਾਂ ਵਿਚ 150 ਕਿਲੋ ਹੈਰੋਇਨ ਫੜੀ, ਜਦੋਂ ਕਿ ਪਿਛਲੇ ਸਾਲ 2017 ਵਿਚ 280 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ।
ਪਾਕਿਸਤਾਨ ਵਿਚ ਇਸ ਵਾਰ ਅਫੀਮ ਦੀ ਫਸਲ ਵੀ ਬੰਪਰ ਹੋਈ, ਜਿਸ ਨੂੰ ਦੇਖ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਪਾਕਿਸਤਾਨ ਵੱਲੋਂ ਹੈਰੋਇਨ ਦਾ ਆਉਣਾ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਹੋਵੇਗਾ, ਹਾਲਾਂਕਿ ਪੰਜਾਬ ਸਰਕਾਰ  ਵੱਲੋਂ ਚਲਾਏ ਜਾ ਰਹੇ ਨਸ਼ਾ ਵਿਰੋਧੀ ਅਭਿਆਨ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ੇ 'ਤੇ ਲਗਾਮ ਲਾਈ ਜਾ ਚੁੱਕੀ ਹੈ ਪਰ ਆਏ ਦਿਨ ਨੌਜਵਾਨਾਂ ਦੀ ਨਸ਼ੇ ਦੇ ਟੀਕੇ ਦੀ ਓਵਰਡੋਜ਼ ਨਾਲ ਮੌਤ ਹੋਣ ਦੇ ਸਮਾਚਾਰ ਮਿਲਣ ਤੋਂ ਬਾਅਦ ਸਰਕਾਰ ਦੇ ਦਾਅਵੇ ਵੀ ਠੁੱਸ ਨਜ਼ਰ ਆ ਰਹੇ ਹਨ। ਪਾਕਿਸਤਾਨ ਨਾਲ ਲੱਗਦੇ ਪੰਜਾਬ ਦੇ 553 ਕਿਲੋਮੀਟਰ ਲੰਬੇ ਬਾਰਡਰ 'ਚ ਕੁਝ ਅਜਿਹੇ ਕਮਜ਼ੋਰ ਪੁਆਇੰਟ ਵੀ ਹਨ ਜਿਥੇ ਫੈਂਸਿੰਗ ਟੁੱਟੀ ਹੋਈ ਹੈ ਜਾਂ ਫਿਰ ਲਾਈ ਹੀ ਨਹੀਂ ਗਈ। ਇਸ ਤੋਂ ਇਲਾਵਾ ਕੁਝ ਅਜਿਹੇ ਨਦੀ-ਨਾਲੇ ਵੀ ਹਨ ਜਿਨ•ਾਂ  ਦੇ ਰਸਤੇ ਪਾਕਿਸਤਾਨੀ ਸਮੱਗਲਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਬੀ. ਐੱਸ. ਐੱਫ. ਸਮੱਗਲਰਾਂ ਦੇ ਇਰਾਦਿਆਂ ਨੂੰ ਪੂਰੀ ਤਰ•ਾਂ ਨਾਲ ਨਾਕਾਮ ਕਰ ਰਹੀ ਹੈ।
ਪਾਕਿਸਤਾਨੀ ਸਮੱਗਲਰ ਜਿਥੇ ਪ੍ਰੰਪਰਾਗਤ ਤਰੀਕਿਆਂ ਨੂੰ ਕੁਝ ਵੱਖ ਢੰਗ ਨਾਲ ਪੇਸ਼ ਕਰ ਕੇ ਹੈਰੋਇਨ ਸਮੱਗਲਿੰਗ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਆਧੁਨਿਕ ਮਸ਼ੀਨਰੀ ਦਾ ਪ੍ਰਯੋਗ ਕਰਨ ਵਿਚ ਵੀ ਪਿੱਛੇ ਨਹੀਂ ਰਹਿ ਰਹੇ। ਭਾਰਤ-ਪਾਕਿ ਬਾਰਡਰ 'ਤੇ ਕੁਝ ਸੰਵੇਦਨਸ਼ੀਲ ਬੀ. ਓ. ਪੀਜ਼ ਕੋਲ ਪਾਕਿਸਤਾਨੀ ਏਰੀਏ ਵਿਚ ਡਰੋਨ ਉਡਦੇ ਦੇਖੇ ਗਏ ਹਨ, ਜਿਨ•ਾਂ ਜ਼ਰੀਏ ਸਮੱਗਲਰ ਸੌਖਿਆਂ ਹੀ ਫੈਂਸਿੰਗ ਦੇ ਕਾਫ਼ੀ ਉਪਰੋਂ ਉਡਾਣ ਭਰ ਕੇ ਖੇਪ ਭਾਰਤੀ ਸੀਮਾ ਵਿਚ ਪਹੁੰਚਾ ਸਕਦੇ ਹਨ। ਇਸ ਵਿਚ ਜਾਨ ਦਾ ਵੀ ਰਿਸਕ ਨਹੀਂ ਰਹਿੰਦਾ।
ਸੋਸ਼ਲ ਮੀਡੀਆ ਜਿਸ ਵਿਚ ਮੁੱਖ ਰੁਪ 'ਚ ਵਟਸਐਪ ਸਮੱਗਲਰਾਂ ਲਈ ਜਿਥੇ ਵਰਦਾਨ ਬਣ ਚੁੱਕਾ ਹੈ, ਉਥੇ ਹੀ ਸੁਰੱਖਿਆ ਏਜੰਸੀਆਂ ਲਈ ਭਾਰੀ ਸਿਰਦਰਦੀ ਬਣ ਗਿਆ ਹੈ। ਜਦੋਂ ਵੀ ਹੈਰੋਇਨ ਦੀ ਖੇਪ ਫੜੀ ਜਾਂਦੀ ਹੈ ਤਾਂ ਇਸ ਦੇ ਨਾਲ ਪਾਕਿਸਤਾਨੀ ਮੋਬਾਇਲ ਤੇ ਸਿਮ ਵੀ ਫੜੀ ਜਾਂਦੀ ਹੈ, ਜਿਸ ਰਾਹੀਂ ਦੋਵੇਂ ਪਾਸਿਓ ਸਮੱਗਲਰ ਇਕ-ਦੂਜੇ ਨਾਲ ਵਟਸਐਪ 'ਤੇ ਸੰਪਰਕ ਕਰਦੇ ਹਨ। ਖਾਸ ਗੱਲ ਇਹ ਹੈ ਕਿ ਵਟਸਐਪ ਕਾਲ ਨੂੰ ਟ੍ਰੇਸ ਕਰਨਾ ਆਸਾਨ ਨਹੀਂ ਹੈ। ਗੈਂਗਸਟਰਾਂ ਦੇ ਮਾਮਲੇ ਵਿਚ ਵੀ ਦੇਖਿਆ ਗਿਆ ਹੈ ਕਿ ਉਹ ਵੀ ਵਟਸਐਪ ਕਾਲ ਜਾਂ ਇੰਟਰਨੈੱਟ ਕਾਲ ਜ਼ਰੀਏ ਆਪਸ 'ਚ ਗੱਲਬਾਤ ਕਰਦੇ ਹਨ ਜਾਂ ਫਿਰ ਲੋਕਾਂ ਤੋਂ ਫਿਰੌਤੀ ਮੰਗਦੇ ਹਨ।
ਪਾਕਿਸਤਾਨੀ ਸਮੱਗਲਰ ਪਿਛਲੇ ਲੰਬੇ ਸਮੇਂ ਤੋਂ ਸਮਝੌਤਾ ਐਕਸਪ੍ਰੈੱਸ ਤੇ ਮਾਲ ਗੱਡੀ ਨੂੰ ਹੈਰੋਇਨ ਸਮੱਗਲਿੰਗ ਦਾ ਜ਼ਰੀਆ ਬਣਾਉਂਦੇ ਆ ਰਹੇ ਹਨ। ਜਦੋਂ ਵੀ ਬਾਰਡਰ 'ਤੇ ਕਣਕ ਅਤੇ ਝੋਨੇ ਦੀ ਫਸਲ ਕੱਟੀ ਜਾਂਦੀ ਹੈ ਅਤੇ ਸਮੱਗਲਰਾਂ ਨੂੰ ਆੜ ਨਹੀਂ ਮਿਲਦੀ ਤਾਂ ਉਹ ਪਾਕਿਸਤਾਨ ਵੱਲੋਂ ਆਉਣ ਵਾਲੀ ਸਮਝੌਤਾ ਐਕਸਪ੍ਰੈੱਸ ਤੇ ਮਾਲ ਗੱਡੀ ਦੀਆਂ ਬੋਗੀਆਂ ਵਿਚ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਇਸ ਮਾਮਲੇ ਵਿਚ ਕਈ ਵਾਰ ਖੁਦ ਕਸਟਮ ਵਿਭਾਗ ਦੇ ਅਧਿਕਾਰੀ ਅਤੇ ਪੁਲਸ ਅਧਿਕਾਰੀ ਵੀ ਹੈਰੋਇਨ ਦੀ ਖੇਪ ਨਾਲ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ। ਹੁਣ ਇਕ ਹਫ਼ਤਾ ਪਹਿਲਾਂ ਹੀ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਈ ਮਾਲ ਗੱਡੀ ਦੀ ਕੈਵੇਟੀਜ਼ ਵਿਚ ਹੈਰੋਇਨ ਦੀ ਖੇਪ ਫੜੀ ਸੀ। 

© 2016 News Track Live - ALL RIGHTS RESERVED