ਸੰਨੀ ਦਿਓਲ ਨੂੰ ਨੋਟਿਸ ਭੇਜ ਦਿੱਤਾ

Jun 20 2019 03:08 PM
ਸੰਨੀ ਦਿਓਲ ਨੂੰ ਨੋਟਿਸ ਭੇਜ ਦਿੱਤਾ

ਚੰਡੀਗੜ੍ਹ:

ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਚੁਣੇ ਗਏ ਅਦਾਕਾਰ ਸੰਨੀ ਦਿਓਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਹੱਦ ਤੋਂ ਵੱਧ ਖ਼ਰਚਾ ਕਰਨ ਲਈ ਸੰਨੀ ਦਿਓਲ ਨੂੰ ਨੋਟਿਸ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਲੋਕ ਸਭਾ ਚੋਣ ਲੜਨ ਵਾਲੇ ਜਿਸ ਵੀ ਉਮੀਦਵਾਰ ਤੇ ਸਾਂਸਦ ਦਾ ਜ਼ਰੂਰਤ ਤੋਂ ਵੱਧ ਖਰਚਾ ਪਾਇਆ ਗਿਆ, ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ।
ਨਿਯਮਾਂ ਮੁਤਾਬਕ ਇੱਕ ਉਮੀਦਵਾਰ ਚੋਣ ਲੜਨ ਲਈ 70 ਲੱਖ ਤਕ ਦਾ ਖਰਚਾ ਕਰ ਸਕਦਾ ਸੀ। ਉਮੀਦਵਾਰ ਨੂੰ ਚੋਣਾਂ ਦੇ ਨਤੀਜਿਆਂ ਦੇ 30 ਦਿਨ ਦੇ ਅੰਦਰ-ਅੰਦਰ ਆਪਣੇ ਖਰਚੇ ਦਾ ਵਹੀ-ਖਾਤਾ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਚੋਣ ਕਮਿਸ਼ਨ ਵੱਲੋਂ ਵੀ ਇੱਕ ਖਾਤੇ ਵਿੱਚ ਇਸ ਖਰਚੇ ਦਾ ਲੇਖਾ-ਜੋਖਾ ਰੱਖਿਆ ਜਾਂਦਾ ਹੈ, ਜਿਸ ਨੂੰ ਸ਼ੈਡੋ ਰਜਿਸਟਰ ਕਿਹਾ ਜਾਂਦਾ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰਨਾ ਰਾਜੂ ਨੇ ਸੰਨੀ ਦਿਓਲ ਨੂੰ ਭੇਜੇ ਨੋਟਿਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਖਰਚ ਆਬਜ਼ਰਵਰ ਪੰਜਾਬ ਵਿੱਚ ਲੋਕ ਸਭਾ ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਦੇ ਖਰਚਿਆਂ ਦਾ ਹਿਸਾਬ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ 45 ਦਿਨ ਤੱਕ ਇਸ ਦੀ ਰਿਪੋਰਟ ਭਾਰਤੀ ਚੋਣ ਕਮਿਸ਼ਨ ਤੱਕ ਭੇਜੀ ਜਾਏਗੀ।
ਕਰਨਾ ਰਾਜੂ ਨੇ ਦੱਸਿਆ ਕਿ ਪੰਜਾਬ ਵਿੱਚ ਕਈ ਹਲਕੇ ਇਸ ਤਰ੍ਹਾਂ ਦੇ ਹਨ, ਜਿੱਥੇ ਹੱਦ ਤੋਂ ਵੱਧ ਖਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਹਲਕਿਆਂ ਵਿੱਚ ਸੁਖਬੀਰ ਬਾਦਲ ਦਾ ਫਿਰੋਜ਼ਪੁਰ, ਹਰਸਿਮਰਤ ਕੌਰ ਦਾ ਬਠਿੰਡਾ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਤੇ ਜਲੰਧਰ ਸ਼ਾਮਲ ਹੈ। ਇਨ੍ਹਾਂ ਸਾਰੇ ਚੋਣ ਹਲਕਿਆਂ ਦੇ ਰਿਕਾਰਡ ਨੂੰ ਚੋਣ ਕਮਿਸ਼ਨ ਚੰਗੀ ਤਰ੍ਹਾਂ ਫਰੋਲ ਰਿਹਾ ਹੈ।

© 2016 News Track Live - ALL RIGHTS RESERVED