25 ਤੋਂ 27 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਬਾਰਸ਼ ਹੋ ਸਕਦੀ

Jul 25 2019 03:11 PM
25 ਤੋਂ 27 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਬਾਰਸ਼ ਹੋ ਸਕਦੀ

ਚੰਡੀਗੜ੍ਹ:

ਪੰਜਾਬ ‘ਚ ਅਗਲੇ ਤਿੰਨ ਦਿਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਅੰਮ੍ਰਿਤਸਰ, ਮੁਕਤਸਰ, ਕਪੂਰਥਲਾ 'ਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਨੋਟਿਸ ਜਾਰੀ ਕਰ ਅਲਰਟ ਰਹਿਣ ਨੂੰ ਕਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 25 ਤੋਂ 27 ਜੁਲਾਈ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਬਾਰਸ਼ ਹੋ ਸਕਦੀ ਹੈ। ਅਜਿਹੇ ‘ਚ ਪਹਿਲਾਂ ਹੀ ਪਾਣੀ ਦੀ ਮਾਰ ਝੱਲ ਰਹੇ ਬਠਿੰਡਾ ਤੇ ਪਟਿਆਲਾ ‘ਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।
ਬਠਿੰਡਾ ‘ਚ ਸੱਤ ਘੰਟੇ ‘ਚ 178 ਮਿਲੀ ਬਾਰਸ਼ ਹੋਈ। ਅਗਲੇ ਦਿਨ 100 ਮਿਲੀ ਬਾਰਸ਼ ਹੋਈ ਜਿਸ ਕਾਰਨ ਲੋਕਾਂ ਦੇ ਘਰਾਂ ‘ਚ ਪਾਣੀ ਭਰ ਗਿਆ ਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ। ਇਸ ਕਰਕੇ ਸੰਗਰੂਰ ਤੇ ਪਟਿਆਲਾ ਦੇ ਕੁਝ ਹਿੱਸਿਆਂ ‘ਚ ਹਾਲਾਤ ਕਾਫੀ ਬੁਰੇ ਹੋ ਗਏ ਹਨ।
ਸੰਗਰੂਰ ਦੇ ਕਈ ਪਿੰਡਾਂ ‘ਚ ਪਾਣੀ ਕਾਫੀ ਜ਼ਿਆਦਾ ਹੈ ਜਿਸ ਨਾਲ ਲੋਕਾਂ ਦੀਆਂ ਫਸਲਾਂ ਖ਼ਰਾਬ ਹੋ ਚੁੱਕੀਆਂ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ ਸੀ। ਇਸ ਤੋਂ ਬਾਅਦ ਹੁਣ ਮੌਸਮ ਵਿਭਾਗ ਵੱਲੋਂ 25 ਤੋਂ 27 ਜੁਲਾਈ ਨੂੰ ਸੂਬੇ ‘ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਮੁਤਾਬਕ ਅੰਮ੍ਰਿਤਸਰ, ਜਲੰਧਰ, ਨਵਾਂਸ਼ਹਿਰ, ਪਠਾਨਕੋਟ, ਗੁਰਦਾਸਪੁਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਨੂੰ ਹਾਈ ਅਲਰਟ ਜ਼ੋਨ ‘ਚ ਰੱਖਿਆ ਹੈ। ਇਸ ਦੇ ਨਾਲ ਸਾਰੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੁਸ਼ਤੈਦ ਰਹਿਣ ਲਈ ਕਿਹਾ ਗਿਆ ਹੈ।

© 2016 News Track Live - ALL RIGHTS RESERVED