ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂ

Jun 28 2018 02:58 PM
ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂ


ਅੰਮ੍ਰਿਤਸਰ
ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਿਲਾ ਅੰਮ੍ਰਿਤਸਰ 'ਚ ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੁਰੂ ਕਰ ਦਿੱਤੀ, ਜਿਸ ਨਾਲ ਪੂਰੇ ਪੰਜਾਬ ਵਿਚ ਆਨਲਾਈਨ ਰਜਿਸਟਰੀਆਂ ਸ਼ੁਰੂ ਹੋ ਗਈਆਂ ਹਨ ਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਕਲਾਊਡ-ਬੇਸਡ ਐੱਨ. ਜੀ. ਡੀ. ਆਰ. ਐੱਸ. (ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ) ਪ੍ਰਣਾਲੀ ਰਾਹੀਂ ਹੋਣ ਵਾਲੀਆਂ ਆਨਲਾਈਨ ਰਜਿਸਟਰੀਆਂ ਨਾਲ ਲੋਕਾਂ ਨੂੰ ਖੱਜਲ-ਖੁਆਰੀ ਤੇ ਦਫਤਰਾਂ ਦੇ ਵਾਧੂ ਚੱਕਰਾਂ ਤੋਂ ਨਿਜਾਤ ਮਿਲੇਗੀ। 
ਦੱਸਣਯੋਗ ਹੈ ਕਿ ਇਸ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਪਿਛਲੇ ਸਾਲ ਨਵੰਬਰ ਮਹੀਨੇ ਮੋਗਾ ਤੇ ਆਦਮਪੁਰ ਤੋਂ ਕੀਤੀ ਗਈ ਸੀ। ਅੰਮ੍ਰਿਤਸਰ ਵਿਚ ਇਸ ਕੰਮ ਦੀ ਸ਼ੁਰੂਆਤ ਕਰਨ ਮਗਰੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਕਾਗਜ਼-ਮੁਕਤ ਤੇ ਲੋਕ ਪੱਖੀ ਇਸ ਪ੍ਰਾਜੈਕਟ ਦਾ ਲੋਕਾਂ ਨੂੰ ਫਾਇਦਾ ਮਿਲੇਗਾ ਅਤੇ ਇਸ ਨਾਲ ਪਾਰਦਰਸ਼ਿਤਾ ਆਵੇਗੀ। ਉਨ•ਾਂ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ ਲਈ ਵੈੱਬਸਾਈਟ   ਦੀ ਵਰਤੋਂ ਕੀਤੀ ਜਾ ਸਕਦੀ ਹੈ।  ਆਨਲਾਈਨ ਜਾਇਦਾਦ ਰਜਿਸਟ੍ਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬਹੁਤ ਸਰਲ ਹੈ। ਇਸ ਵਿਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਲੋਕਾਂ ਨੂੰ 24 ਘੰਟੇ ਰਜਿਸਟ੍ਰੇਸ਼ਨ ਦੇ ਵੇਰਵੇ ਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅਪਲੋਡ ਕਰਨ ਦੀ ਸਹੂਲਤ, ਆਟੋਮੈਟਿਕ ਸਟੈਂਪ ਡਿਊਟੀ ਕੈਲਕੂਲੇਟ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ 'ਤੇ ਆਧਾਰਿਤ ਰਜਿਸਟ੍ਰੇਸ਼ਨ ਫੀਸ ਤੇ ਹੋਰ ਫੀਸਾਂ ਦੀ ਜਾਣਕਾਰੀ ਤੋਂ ਇਲਾਵਾ ਵਸੀਕਾ ਨਵੀਸਾਂ 'ਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਿਲ ਹੈ। 
ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇਕ ਮੋਬਾਇਲ ਸੰਦੇਸ਼ ਭੇਜ ਦਿੱਤਾ ਜਾਂਦਾ ਹੈ ਤਾਂ ਜੋ ਧੋਖਾਦੇਹੀ ਦਾ ਕੋਈ ਖਦਸ਼ਾ ਨਾ ਰਹੇ। ਇਸ ਪ੍ਰਣਾਲੀ ਰਾਹੀਂ ਮੁਲਾਕਾਤ ਲਈ ਆਨਲਾਈਨ ਸਮਾਂ ਲੈਣ ਦੀ ਸੁਵਿਧਾ ਹੈ, ਜਿਸ ਨਾਲ ਲੋਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟ੍ਰੇਸ਼ਨ ਲਈ ਸਮਾਂ ਤੇ ਤਰੀਕ ਲੈ ਸਕਦੇ ਹਨ।  ਡੀਡ ਰਾਈਟਰਾਂ ਵੱਲੋਂ ਲਿਖੇ ਜਾਂਦੇ ਦਸਤਾਵੇਜ਼ਾਂ ਨੂੰ ਵੀ ਆਨਲਾਈਨ ਵੈੱਬਸਾਈਟ 'ਤੇ ਪਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਫਾਲਤੂ ਪੈਸਾ ਨਾ ਖਰਚਣਾ ਪਵੇ। ਅਜਿਹੇ 16 ਦਸਤਾਵੇਜ਼ਾਂ ਨੂੰ ਖਪਤਕਾਰ ਵੈੱਬਸਾਈਟ ਤੋਂ ਮੁਫਤ ਡਾਊਨਲੋਡ ਕਰ ਸਕਦਾ ਹੈ। ਇਨ•ਾਂ ਦਸਤਾਵੇਜ਼ਾਂ ਵਿਚ ਮਨਸੂਖੀ ਵਸੀਅਤਨਾਮਾ, ਮਨਸੂਖੀ ਮੁਖਤਾਰਨਾਮਾ ਆਮ, ਹਿਬਾ/ਦਾਨ ਪਾਤਰਨਾਮਾ, ਗਹਿਣੇ/ਰਹਿਣਨਾਮਾ ਕਬਜ਼ਾ, ਇਕਰਾਰਨਾਮਾ, ਤਕਸੀਮਨਾਮਾ, ਸੋਧ ਰਜਿਸਟਰੀਨਾਮਾ, ਵਸੀਅਤਨਾਮਾ, ਵਿਕਰੀਨਾਮਾ ਗਹਿਣੇ ਅਧੀਨ/ਬੈ-ਬਾਕਾਇਦਗੀ ਰਹਿਣ, ਵਿਕਰੀਨਾਮਾ (ਗਹਿਣੇ ਦੇ ਹੱਕ), ਵਿਕਰੀਨਾਮਾ/ਬੈਨਾਮਾ, ਤਬਾਦਲਾਨਾਮਾ, ਮੁਖਤਿਆਰਨਾਮਾ ਆਮ, ਪੱਟਾ/ਕਿਰਾਇਆ/ ਰੈਂਟਨਾਮਾ, ਗਹਿਣੇਨਾਮਾ ਬਿੱਲ ਕਬਜ਼ਾ ਤੇ ਗੋਦਨਾਮਾ ਪ੍ਰਮੁੱਖ ਹਨ। 

© 2016 News Track Live - ALL RIGHTS RESERVED