ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਜਾਗਰੁਕ ਕੀਤਾ

Feb 06 2019 03:48 PM
ਫਸਲ ਨੂੰ  ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਜਾਗਰੁਕ ਕੀਤਾ

ਕਿਸਾਨਾਂ ਨੂੰ ਕਣਕ ਨੂੰ ਬਿਮਾਰੀਆ ਤੋਂ ਬਚਾਉਣ ਲਈ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ:ਡਾ. ਅਮਰੀਕ ਸਿੰਘ 
----ਬਲਾਕ ਪਠਾਨਕੋਟ ਵਿੱਚ ਕਣਕ ਅਤੇ ਹੋਰ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ (ਸਮੇਤ ਘਰੋਟਾ ਅਤੇ ਸੁਜਾਨਪੁਰ ) ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਮੂਹ ਪਿੰਡ ਕੋਠੀ ਪੰਡਤਾਂ ਦੀ ਵਿਖੇ ਵਿਸ਼ੇਸ਼ ਜਾਗਰੁਕਤਾ ਕੈਂਪ ਲਗਾਇਆ ਗਿਆ।ਕੈਂਪ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਨੂੰ  ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਜ਼ਰੂਰਤ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਜਾਗਰੁਕ ਕੀਤਾ ਗਿਆ।ਇਸ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਅਰਮਾਨ ਕੁਮਾਰ ਸਹਾਇਕ ਤਕਨੀਕੀ ਪ੍ਰਬੰਧਕ ,ਜੀਵਨ ਲਾਲ,ਜਗਦੀਸ਼ ਸਿੰਘ, ਸਰਪੰਚ ਜਨਕ ਰਾਜ,ਦਵਿੰਦਰ ਕੁਮਾਰ,ਜਿਵਨ ਕੁਮਾਰ,ਪਵਨ ਕੁਮਾਰ ਅਤੇ ਹੋਰ ਕਿਸਾਨ ਹਾਜ਼ਰ ਸਨ। 
          ਪਿੰਡ ਕੋਠੀ ਪੰਡਤਾਂ ਦੀ  ਵਿੱਚ ਇਕੱਤਰ ਕਿਸਾਨਾਂ ਨੂੰ ਕਣਕ ਦੀਆਂ ਬਿਮਾਰੀਆ ਪ੍ਰਤੀ ਜਾਗਰੁਕ ਕਰਦਿਆਂ  ਕਿਹਾ ਕਿ ਬਲਾਕ ਪਠਾਨਕੋਟ ਵਿੱਚ ਕਣਕ ਦੀ ਫਸਲ ਉੱਪਰ ਫਿਲਹਾਲ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਦਾ ਹਮਲਾ ਨਹੀਂ ਹੋਇਆ ਫਿਰ ਵੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ।ਉਨਾਂ ਕਿਹਾ  ਕਿ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਦੀ ਸੰਭਾਵਿਤ ਹਮਲੇ ਨੂੰ ਰੋਕਣ ਲਈ ਪਿੰਡਾਂ ਵਿੱਚ ਨਿਰੰਤਰ ਦੌਰੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਕਰਕੇ ਬਿਮਾਰੀ ਦੇ ਹਮਲੇ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕੇ।ਉਨਾਂ ਨੇ ਕਿਹਾ ਕਿ ਜ਼ਿਲਾ ਪਠਾਨਕੋਟ ਨੀਮ ਪਹਾੜੀ ਇਲਾਕਾ ਹੋਣ ਕਾਰਨ ਕਣਕ ਦੀ ਫਸਲ ਉੱਪਰ ਪੀਲੀ ਕੁੰਗੀ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ,ਇਸ ਲਈ ਕਿਸਾਨਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੁਕ ਰਹਿਣਾ ਚਾਹੀਦਾ ਹੈ।ਉਨਾਂ  ਨੇ ਕਿਹਾ ਕਿ ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਧੱਬਿਆਂ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ,ਜੇਕਰ ਪ੍ਰਭਾਵਤ ਪੱਤੇ ਨੂੰ ਦੋ ਉੰਗਲਾਂ ਵਿੱਚ ਫੜਿਆ ਜਾਵੇ ਤਾਂ ਉੰਗਲਾਂ ਤੇ ਪੀਲਾ ਪਾਊਡਰ ਲੱਗ ਜਾਂਦਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਮਿ.ਲੀ. ਪ੍ਰੋਪੀਕੋਨਾਜ਼ੋਲ 25 ਈ ਸੀ (ਟਿਲਟ/ਬੰਪਰ/ਸ਼ਾਈਨ/ਕੰਪਾਸ/ਮਾਰਕਜ਼ੋਲ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਫਸਲਾਂ ਉੱਪਰ ਕਿਸੇ ਕਿਸਮ ਦੀ ਸਮੱਸਿਆ ਆਉਣ ਤੇ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਕਿਸੇ ਦੇ ਕਹਿਣ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਂ ਕੀਤੀ ਜਾਵੇ।ਸਰਪੰਚ ਜਨਕ ਰਾਜ ਨੇ ਕੈਂਪ ਵਿੱਚ ਆਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।

© 2016 News Track Live - ALL RIGHTS RESERVED