ਸੰਨੀ ਦਿਓਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਇੱਕ ਨੋਟਿਸ ਜਾਰੀ

May 18 2019 04:34 PM
ਸੰਨੀ ਦਿਓਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਇੱਕ ਨੋਟਿਸ ਜਾਰੀ

ਪਠਾਨਕੋਟ:

ਸਥਾਨਕ ਸਹਾਇਕ ਰਿਟਰਨਿੰਗ ਅਫ਼ਸਰ ਨੇ ਸੰਨੀ ਦਿਓਲ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਇੱਕ ਨੋਟਿਸ ਜਾਰੀ ਕੀਤਾ ਹੈ ਤੇ ਅੱਜ ਸਵੇਰੇ 9 ਵਜੇ ਤਕ ਉਸ ਦਾ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਸੀ। ਰਿਟਰਨਿੰਗ ਅਫ਼ਸਰ ਨੇ ਹਦਾਇਤ ਕੀਤੀ ਹੈ ਕਿ ਜੇ ਨਿਰਧਾਰਿਤ ਸਮੇਂ 'ਤੇ ਸੰਨੀ ਦਾ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਨਾ ਆਇਆ ਤਾਂ ਸਮਝਿਆ ਜਾਏਗਾ ਕਿ ਸੰਨੀ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਉਨ੍ਹਾਂ ਖ਼ਿਲਾਫ਼ ਬਣਦੀ ਇੱਕ ਤਰਫ਼ਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ।ਦਰਅਸਲ ਕੱਲ੍ਹ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਸੀ। ਸ਼ਾਮ 6 ਵਜੇ ਤਕ ਲੀਡਰਾਂ ਨੂੰ ਚੋਣ ਪ੍ਰਚਾਰ ਦੀ ਮਨਜ਼ੂਰੀ ਸੀ ਪਰ ਸੰਨੀ ਦਿਓਲ ਨੇ 6 ਵਜੇ ਤੋਂ ਬਾਅਦ ਰਾਤ 9:30 ਵਜੇ ਤਕ ਮੀਟਿੰਗ ਕੀਤੀ ਜਿਸ ਵਿੱਚ 200 ਦੇ ਕਰੀਬ ਲੋਕਾਂ ਦਾ ਇਕੱਠ ਕੀਤਾ ਗਿਆ ਸੀ। ਸੰਨੀ ਵੱਲੋਂ ਸਿਓਲ ਹਾਊਸ, ਨੇੜੇ ਬਜ਼ਰੀ ਕੰਪਨੀ, ਕਾਲਜ ਰੋਡ ਪਠਾਨਕੋਟ ਵਿੱਚ ਆਰਜ਼ੀ ਤੌਰ 'ਤੇ ਬਣੇ ਦਫ਼ਤਰ ਮੀਟਿੰਗ ਕੀਤੀ ਗਈ।ਰਿਟਰਨਿੰਗ ਅਫ਼ਸਰ ਵੱਲੋਂ ਜਾਰੀ ਕੀਤੇ ਨੋਟਿਸ ਮੁਤਾਬਕ ਮੀਟਿੰਗ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ ਸੀ। ਇਸ ਜਨਤਕ ਮੀਟਿੰਗ ਦੌਰਾਨ ਲਾਊਡ ਸਪੀਕਰ ਵੀ ਵਰਤਿਆ ਗਿਆ। ਇਸ ਨੂੰ ਧਾਰਾ 144 ਦੀ ਉਲੰਘਣਾ ਤੇ ਚੋਣ ਜ਼ਾਬਤੇ ਦੀ ਵੀ ਉਲੰਘਣਾ ਮੰਨਿਆ ਗਿਆ ਹੈ। ਇਸੇ ਬਾਬਤ ਸੰਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਇਹ ਕਾਰਵਾਈ ਨਾ ਸਿਰਫ ਗ਼ੈਰ-ਕਾਨੂੰਨੀ ਬਲਕਿ ਗ਼ੈਰ-ਜ਼ਿੰਮੇਵਾਰਾਨਾ ਵੀ ਹੈ।

© 2016 News Track Live - ALL RIGHTS RESERVED