ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪ੍ਰਤੀ ਕਿਲੋ ਮੱਕੀ ਦੇ ਬੀਜ ਤੇ 90/-ਰੁਪਏ ਸਬਸਿਡੀ ਦਿੱਤੀ ਜਾਵੇਗੀ

Jun 15 2019 04:11 PM
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪ੍ਰਤੀ ਕਿਲੋ ਮੱਕੀ ਦੇ ਬੀਜ ਤੇ 90/-ਰੁਪਏ  ਸਬਸਿਡੀ ਦਿੱਤੀ ਜਾਵੇਗੀ



ਪਠਾਨਕੋਟ

ਡਿਪਟੀ ਕਮਿਸ਼ਨਰ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਬਲਾਕ ਪਠਾਨਕੋਟ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਦੀ ਖੇਤਾਂ ਵਿੱਚ ਸੰਭਾਲ ਅਤੇ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ  ਚਲਾਈ ਜਾ ਮੁਹਿੰਮ ਤਹਿਤ ਪਿੰਡ ਚੱਕ ਚਿਮਨਾਂ ਦੇ ਕਿਸਾਨ ਭਵਨ ਵਿੱਚ ਸਰਕਲ ਪੱਧਰੀ ਕਿਸਾਨ ਜਾਗਰੁਜ਼ ਕੈਂਪ ਲਗਾਇਆ ਗਿਆ। ਮੱਕੀ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਡਾ. ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ,ਕੰਸ ਰਾਜ ਕੌਂਤਰਪੁਰ,ਵਿਜੇ ਕੁਮਾਰ,ਜੀਵਨ ਲਾਲ,ਵਿਜੇ ਕੁਮਾਰ,ਜੀਤ ਸਿੰਘ ਚੱਕ ਨਰੈਣੀ,ਸ਼ਿਵ ਦਾਸ ਗੂੜਾ ਕਲਾਂ,ਬਲਦੇਵ ਰਾਜ,ਪ੍ਰੇਮ ਸਿੰਘ,ਸੰਸਾਰ ਸਿੰਘ,ਪਰਲਾਦ ਸਿੰਘ,ਭਾਰਤ ਭੂਸ਼ਨ,ਰਮੇਸ਼ ਕੁਮਾਰ ਸਮੇਤ 27 ਪਿੰਡਾਂ ਦੇ 100 ਤੋਂ ਵੱਧ ਕਿਸਾਨ ਹਾਜ਼ਰ ਸਨ।
   ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਪੰਜਾਬ ਸਰਕਾਰ ਨੇ ਮੱਕੀ ਦੀ ਫਸਲ ਨੂੰ ਉਤਸਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਅਨੁਸਾਰ ਬਲਾਕ ਪਠਾਨਕੋਟ ਵਿੱਚ ਝੋਨੇ ਹੇਠੋਂ 300 ਹੈਕਟੇਅਰ ਰਕਬਾ ਕੱਢ ਕੇ ਮੱਕੀ ਦੀ ਫਸਲ ਹੇਠ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਮੱਕੀ ਦੇ ਬੀਜ ਉੱਪਰ ਪ੍ਰਤੀ ਕਿਲੋ 90/- ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਸਬਸਿਡੀ ਵਿਭਾਗ ਵੱਲੋਂ ਸਿਫਾਰਸ਼ ਹਾਈਬ੍ਰਿਡ ਕਿਸਮਾਂ ਤੇ ਹੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਕਿਸਾਨ  ਕਿਸੇ ਵੀ ਨਿੱਜੀ ਮੱਕੀ ਦੇ ਬੀਜ ਦੇ ਵਿਕ੍ਰੇਤਾ ਤੋਂ ਬੀਜ ਖ੍ਰੀਦ ਉਪਰੰਤ ਬਿੱਲ ਸੰਬੰਧਤ ਖੇਤੀਬਾੜੀ ਦਫਤਰ ਵਿੱਚ ਜਮਾਂ ਕਰਵਾਏਗਾ ਅਤੇ ਸਬਸਿਡੀ ਦੀ ਰਕਮ ਲਾਭਪਾਤਰੀ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਰਕਬੇ ਵਿੱਚ ਬੀਜੀ ਮੱਕੀ ਦੇ ਬੀਜ ਤੇ ਸਬਸਿਡੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਚਾਲੂ ਸਾਉਣੀ ਦੌਰਾਨ ਬਲਾਕ ਪਠਾਨਕੋਟ ਵਿੱਚ 50 ਏਕੜ ਰਕਬੇ ਵਿੱਚ ਮੱਕੀ ਦੀ ਫਸਲ ਵਿੱਚ ਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਦੇ ਹੋਏ ਪ੍ਰਦਰਸ਼ਨੀਆਂ ਲਗਾਉਣ ਦੀ ਯੋਜਨਾ ਬਣਾਈ ਗਈ ਹੈ। ਉਨਾਂ ਦੱਸਿਆ ਕਿ ਇੱਕ ਏਕੜ ਰਕਬੇ ਵਿੱਚ ਤੁਪਕਾ ਸਿੰਚਾਈ ਵਿਧੀ ਲਗਾਉਣ ਤੇ ਕੁੱਲ 1 ਲੱਖ 35 ਹਜ਼ਾਰ ਖਰਚਾ ਆਉਣ ਦੀ ਸੰਭਾਵਨਾ ਹੈ ਪਰ ਕਿਸਾਨ ਵੱਲੋਂ ਸਿਰਫ 10000/-ਰੁਪਏ ਪ੍ਰਤੀ ਏਕੜ ਹੀ ਖਰਚੇ ਜਾਣੇ ਹਨ,ਬਾਕੀ ਦਾ ਖਰਚਾ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਵੱਲੋਂ ਕੀਤਾ ਜਾਵੇਗਾ । ਉਨਾਂ ਕਿਹਾ ਕਿ ਪਿੰਡਾਂ ਵਿੱਚ ਜੇਕਰ ਕਿਸੇ ਪਿੰਡ ਵਿੱਚ ਕੋਈ ਬੋਰ ਖਰਾਬ ਜਾਂ ਖੁੱਲਾ ਪਿਆਂ ਹੈ ਤਾਂ ਉਸ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਜੋ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਮੱਕੀ ਦੀ ਫਸਲ ਤੋਂ ਵਧੇਰੇ ਪੈਦਾਵਾਰ ਲੈਣ ਲਈ ਪ੍ਰਤੀ ਏਕੜ ਬੂਟਿਆਂ ਦੀ ਗਿਣਤੀ 32000-33000 ਹੋਣੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਕਣਕ ਦੀ ਫਸਲ ਨੂੰ ਸਿਫਾਰਸ਼ਾਂ ਅਨੁਸਾਰ ਡਾਇਆ ਖਾਦ ਪਾਈ ਗਈ ਹੈ ਤਾਂ ਸਾਉਣੀ ਦੀਆਂ ਫਸਲਾਂ ਨੂੰ ਡਾਇਆ ਖਾਦ ਪਾਉਣ ਦੀ ਜ਼ਰੂਰਤ ਨਹੀਂ। ਇਸ ਮੌਕੇ ਉਨਾਂ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਹੋਂਦ ਨੂੰ ਦਰਸਾਉਂਦੇ ਨਕਸ਼ਿਆਂ ਬਾਰੇ ਵੀ ਜਾਣਕਾਰੀ ਦਿੱਤੀ। ਪਰਲਾਦ ਸਿੰਘ ਖੁਸ਼ਹਾਲੀ ਦੇ ਰਖਵਾਲੇ ਪਰਲਾਦ ਸਿੰਘ ਨੇ ਮੰਗ ਕੀਤੀ ਕਿ ਜੰਗਲੀ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਕਿਉਂਕਿ ਇਹ ਜਾਨਵਰ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਅਗਾਂਹਵਧੂ ਕਿਸਾਨ ਭਾਰਤ ਭੂਸ਼ਨ ਨੇ ਮੱਕੀ ਦੀ ਕਾਸ਼ਤ ਦੇ ਸਫਲ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ।

© 2016 News Track Live - ALL RIGHTS RESERVED